ਵਿਦਿਆਰਥੀਆਂ ਕੋਲੋਂ ਪ੍ਰਦਰਸ਼ਨ ਨਾ ਕਰਨ ਦੇ ਐਫੀਡੇਵਿਟ ਲੈਣ ਦਾ ਵਿਰੋਧ
ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਦੇ ਪ੍ਰਬੰਧਕਾਂ ਨੇ ਮੰਗਿਆ ਸੀ ਬਿਆਨ ਹਲਫੀ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪੰਜਾਬ ਯੂਨੀਵਰਸਿਟੀ ਰੂਰਲ ਸੈਂਟਰ ਕਾਉਣੀ ਵਿੱਚ ਵਿਦਿਆਰਥੀਆਂ ਤੋਂ ਧਰਨੇ -ਪ੍ਰਦਰਸ਼ਨ ਨਾ ਕਰਨ ਜਾਂ ਕਿਸੇ ਵੀ ਜਥੇਬੰਦੀ ਦਾ ਹਿੱਸਾ ਬਣਨ ਖਿਲਾਫ਼ ਮੰਗੇ ਜਾ ਰਹੇ ਐਫੀਡੈਵਿਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ ਅਤੇ ਜ਼ਿਲ੍ਹਾ ਸਕੱਤਰ ਨੌਨਿਹਾਲ ਸਿੰਘ ਨੇ ਕਿਹਾ ਕਿ ਐਫੀਡੈਵਿਟ ਵਿੱਚ ਵਿਦਿਆਰਥੀਆਂ ਨੂੰ ਕਿਸੇ ਵੀ ਜਥੇਬੰਦੀ, ਧਰਨੇ -ਮੁਜ਼ਾਹਰੇ ਦਾ ਹਿੱਸਾ ਬਣਨ ਤੋਂ ਰੋਕਿਆ ਗਿਆ ਹੈ। ਇਹ ਬਹੁਤ ਹੀ ਖ਼ਤਰਨਾਕ ਵਰਤਾਰਾ ਹੈ ਕਿਉਂਕਿ ਜੇ ਕੱਲ ਨੂੰ ਕਿਸੇ ਵੀ ਵਿਦਿਆਰਥੀ ਨਾਲ ਕੋਈ ਵੀ ਵਧੀਕੀ ਹੁੰਦੀ ਹੈ ਤਾਂ ਉਹ ਵਿਰੋਧ ਤੱਕ ਨਹੀਂ ਕਰ ਸਕਦੇ। ਇਸ ਹਿਸਾਬ ਨਾਲ ਵਿਦਿਆਰਥੀਆਂ ਦੇ ਮੂੰਹ ਪਹਿਲਾ ਤੋਂ ਹੀ ਬੰਦ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਲਜਾਂ-ਯੂਨੀਵਰਸਿਟੀਆਂ ਵਿੱਚ ਲਗਾਤਾਰ ਜਮਹੂਰੀ ਸਪੇਸ ਘਟਾਈ ਜਾ ਰਹੀ ਹੈ, ਕਿਉਂਕਿ ਜਦੋਂ ਵੀ ਸੱਤਾ ਖਿਲਾਫ਼ ਕੋਈ ਵਿਰੋਧ ਦੀ ਆਵਾਜ਼ ਉੱਠਦੀ ਹੈ ਤਾਂ ਉਸ ਵਿੱਚ ਵਿਦਿਆਰਥੀਆਂ ਦਾ ਇੱਕ ਅਹਿਮ ਰੋਲ ਹੁੰਦਾ ਹੈ। ਜਦੋਂ ਦੇਸ਼ ਅੰਦਰ ਜਮਹੂਰੀ ਸਪੇਸ ਖ਼ਤਮ ਕੀਤੀ ਜਾ ਰਹੀ ਹੈ, ਵਿਗਿਆਨੀਆਂ, ਪੱਤਰਕਾਰਾਂ ਤੇ ਕਾਰਕੁਨਾਂ ਤੇ ਦੇਸ਼ ਧ੍ਰੋਹ ਦੇ ਮੁਕੱਦਮੇ ਪਾ ਕੇ ਜੇਲ੍ਹੀਂ ਡੱਕਿਆ ਜਾ ਰਿਹਾ ਹੈ, ਦੇਸ਼ ’ਚ ਹਰ ਖੇਤਰ ਵਿੱਚ ਨਿੱਜੀਕਰਨ ਕੀਤਾ ਜਾ ਰਿਹਾ ਹੈ ਤਾਂ ਉਸ ਸਮੇਂ ਅਜਿਹੇ ਐਫੀਡੈਵਿਟ ਜਮ੍ਹਾਂ ਕਰਵਾਉਣੇ ਸਾਡੇ ਅਧਿਕਾਰ ਤੇ ਸਿੱਧਾ ਸਿੱਧਾ ਹਮਲਾ ਹੈ। ਸਾਨੂੰ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸ ਸਮੇਂ ਬੀ ਏ ਭਾਗ ਪਹਿਲਾ ਅਤੇ ਕਾਲਜ ਦੇ ਸਮੂਹ ਵਿਦਿਆਰਥੀ ਮੌਜੂਦ ਸਨ।
ਇਸ ਦੌਰਾਨ ਰੂਰਲ ਸੈਂਟਰ ਕਾਉਣੀ ਦੇ ਇੰਚਾਰਜ ਪ੍ਰੋਫੈਸਰ ਰਜਨੀਸ਼ ਨਾਲ ਸੰਪਰਕ ਕਰਨ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਜਾਰੀ ਸਰਕੂਲਰ ਦੇ ਅਨੁਸਾਰ ਹੀ ਇਹ ਐਫੀਡੈਵਿਟ ਲਿਆ ਜਾ ਰਿਹਾ ਹੈ।