ਸਰਕਾਰੀ ਸਕੂਲ ਵਿੱਚ ਅਮਲੇ ਦੀ ਘਾਟ ਖ਼ਿਲਾਫ਼ ਮੁਜ਼ਾਹਰਾ
ਸਕੂਲ ਨੂੰ ਤਾਲਾ ਲਾਉਣ ਦਾ ਐਲਾਨ; ਸਿੱਖਿਆ ਅਧਿਕਾਰੀਆਂ ਕੋਲੋਂ ਅਮਲੇ ਦੀ ਤਾਇਨਾਤੀ ਮੰਗੀ
ਪਿੰਡ ਤਖ਼ਤਮੱਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਅੱਜ ਲੋਕਾਂ ਨੇ ਸਟਾਫ ਘਾਟ ਖ਼ਿਲਾਫ਼ ਮੁਜ਼ਾਹਰਾ ਕੀਤਾ ਅਤੇ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਸਟਾਫ ਦੀ ਤੁਰੰਤ ਤਾਇਨਾਤੀ ਕੀਤੀ ਜਾਵੇ। ਇਸ ਵੇਲੇ ਸਕੂਲ ਵਿਚ ਮੁੱਖ ਅਧਿਆਪਕ ਸਮੇਤ ਤਿੰਨ ਅਧਿਆਪਕ ਹਨ। ਇਸ ਮੁਜ਼ਾਹਰੇ ਵਿਚ ਪਿੰਡ ਦੇ ਸਰਪੰਚ ਰਣਜੀਤ ਸਿੰਘ ਸਮੇਤ ਬੁੱਧ ਸਿੰਘ, ਰਾਜ ਸਿੰਘ, ਲਖਬੀਰ ਸਿੰਘ, ਨਿੱਕਾ ਸਿੰਘ, ਰਜਿੰਦਰ ਸਿੰਘ, ਬਸੰਤ ਸਿੰਘ, ਪਾਲਾ ਸਿੰਘ ਤੇ ਹੋਰ ਸ਼ਾਮਲ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਸਟਾਫ ਦੀ ਘਾਟ ਕਾਰਨ ਸਕੂਲ ਦਾ ਦਾਖਲਾ ਲਗਾਤਾਰ ਘੱਟ ਰਿਹਾ ਹੈ। ਇਸ ਵੇਲੇ ਪ੍ਰਾਇਮਰੀ ਸਕੂਲ ਵਿੱਚ ਸਿਰਫ਼ 36 ਵਿਦਿਆਰਥੀ ਹਨ ਅਤੇ ਮੁੱਖ ਅਧਿਆਪਕ, ਜਿਸ ਕੋਲ ਵਿਭਾਗੀ ਡਿਊਟੀਆਂ ਦਾ ਰੁਝੇਂਵਾਂ ਹੁੰਦਾ ਹੈ। ਇਸ ਦਾ ਅਸਰ ਬੱਚਿਆਂ ਦੀ ਪੜ੍ਹਾਈ ’ਤੇ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਲੈਣ ਲਈ ਉਤਸ਼ਾਹਿਤ ਕਰਦੀ ਹੈ, ਪਰ ਇਹ ਲੋੜੀਂਦਾ ਸਟਾਫ਼ ਮੁਹੱਈਆ ਕਰਵਾਉਣ ਵਿੱਚ ਅਸਫ਼ਲ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਬਲਾਕ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਜੇਕਰ ਉਨ੍ਹਾਂ ਦਾ ਮਸਲਾ ਹੱਲ ਨਹੀਂ ਹੁੰਦਾ ਤਾਂ ਉਹ ਸਕੂਲ ਨੂੰ ਤਾਲਾ ਲਗਾ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਸਕੂਲ ਦੇ ਮੁੱਖ ਅਧਿਆਪਕ ਰਾਜੇਸ਼ ਕੁਮਾਰ ਨੇ ਕਿਹਾ ਕਿ ਪਿੰਡ ਵਾਸੀਆਂ ਨੇ ਅਧਿਆਪਕਾ ਦੀ ਛੁੱਟੀ ’ਤੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਉਸ ਨੂੰ ਛੁੱਟੀ ਨਾ ਦੇਣ ਲਈ ਇੱਕ ਮੰਗ ਪੱਤਰ ਦਿੱਤਾ ਹੈ। ਸਟਾਫ਼ ਦੀ ਘਾਟ ਬੱਚਿਆਂ ਦੀ ਪੜ੍ਹਾਈ ’ਤੇ ਵੀ ਅਸਰ ਪਾ ਰਹੀ ਹੈ।

