ਚੌਟਾਲਾ ਡਰੇਨ ਦੀ ਟੇਲ ’ਤੇ ਪਾਣੀ ਨਾ ਪੁੱਜਣ ਖ਼ਿਲਾਫ਼ ਮੁਜ਼ਾਹਰਾ
ਸਿੰਜਾਈ ਮੰਤਰੀ ਨੇ ਕਿਸਾਨਾਂ ਦੇ ਵਫ਼ਦ ਨੂੰ ਚੰਡੀਗਡ਼੍ਹ ਸੱਦਿਆ
ਚੌਟਾਲਾ ਡਿਸਟ੍ਰੀਬਿਊਟਰੀ ਦੀ ਟੇਲ ’ਤੇ ਪਾਣੀ ਦੀ ਕਿੱਲਤ ਨੂੰ ਲੈ ਕੇ ਕਿਸਾਨਾਂ ਦਾ ਸੰਘਰਸ਼ ਦਸਵੇਂ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਅੱਜ ਟੇਲ ’ਤੇ ਮਟਕਾ ਫੋੜ ਮੁਜ਼ਾਹਰਾ ਕਰਕੇ ਕਿਸਾਨਾਂ ਨੇ ਛੇਤੀ ਹੱਲ ਨਾ ਹੋਣ ’ਤੇ ਮੁੱਖ ਮੰਤਰੀ ਹਰਿਆਣਾ ਦਾ ਪੁਤਲਾ ਸਾੜਨ ਦੀ ਚਿਤਾਵਨੀ ਦਿੱਤੀ। ਕਿਸਾਨਾਂ ਨੇ ਸੁੱਕੀ ਪਈ ਡਰੇਨ ’ਚ ਘੜੇ ਬੰਨ੍ਹੇ ਅਤੇ ਸਰਕਾਰ ਅਤੇ ਸਿੰਜਾਈ ਵਿਭਾਗ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਦਾ ਦੋਸ਼ ਹੈ ਕਿ ਪਿਛਲੇ ਦਸ ਦਿਨਾਂ ਤੋਂ ਕੋਈ ਵੀ ਉੱਚ ਅਧਿਕਾਰੀ ਧਰਨੇ ਵਿੱਚ ਨਹੀਂ ਪੁੱਜਿਆ। ਬੀਤੇ ਦਿਨੀਂ ਵਿਧਾਇਕ ਅਦਿੱਤਿਆ ਦੇਵੀਲਾਲ ਵੀ ਧਰਨੇ ਨੂੰ ਹਮਾਇਤ ਦੇਣ ਲਈ ਪੁੱਜੇ ਸਨ। ਕਿਸਾਨ ਆਗੂ ਦਯਾਰਾਮ ਉਲਾਨੀਆਂ ਨੇ ਕਿਹਾ ਕਿ ਸੈਂਕੜੇ ਫੋਨ ਕਰਨ ਬਾਵਜੂਦ ਨਿਗਰਾਨ ਇੰਜਨੀਅਰ ਨੇ ਕਾਲ ਰਿਸੀਵ ਨਹੀਂ ਕੀਤੀ। ਨਿਰਾਸ਼ ਕਿਸਾਨਾਂ ਨੇ ਅੱਜ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਨਾਲ ਸੰਪਰਕ ਕੀਤਾ। ਮੰਤਰੀ ਦੇ ਨਿਜਦੇਸ਼ ’ਤੇ ਐੱਸ ਈ ਨੇ ਕਿਸਾਨਾਂ ਨੂੰ ਫੋਨ ਕਰਕੇ ਭਲਕੇ ਐਤਵਾਰ ਨੂੰ ਦੁਪਹਿਰ 3 ਵਜੇ ਧਰਨੇ ਵਿੱਚ ਪੁੱਜਣ ਦਾ ਭਰੋਸਾ ਦਿਵਾਇਆ। ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਜੇਕਰ ਹੁਣ ਵੀ ਨਿਗਰਾਨ ਇੰਜਨੀਅਰ ਨਾ ਆਏ ਤਾਂ ਉਹ ਸੰੰਘਰਸ਼ ਨੂੰ ਹੋਰ ਤਿੱਖਾ ਕਰਕੇ ਮੁੱਖ ਮੰਤਰੀ ਨਾਇਬ ਸੈਣੀ ਦਾ ਪੁਤਲਾ ਸਾੜਨਗੇ। ਕਿਸਾਨਾਂ ਨੇ ਪਾਣੀ ਕਿੱਲਤ ਦਾ ਢੁੱਕਵਾਂ ਹੱਲ ਨਾ ਨਿਕਲਣ ਤੱਕ ਕਦਮ ਪਿਛਾਂਹ ਨਾ ਕਰਨ ਦਾ ਐਲਾਨ ਕੀਤਾ। ਘੜੇ ਭੰਨ੍ਹਣ ਮਗਰੋਂ ਕਿਸਾਨਾਂ ਨੇ ਸਿੰਜਾਈ ਮੰਤਰੀ ਸ਼ਰੂਤੀ ਚੌਧਰੀ ਨੂੰ ਫੋਨ ’ਤੇ ਅਧਿਕਾਰੀਆਂ ਦੀ ਬੇਰੁੱਖ ਦੀ ਸ਼ਿਕਾਇਤ ਕੀਤੀ। ਮੰਤਰੀ ਨੇ ਤੁਰੰਤ ਨਿਗਰਾਨ ਇੰਜਨੀਅਰ ਨੂੰ ਕਿਸਾਨਾਂ ਨਾਲ ਰਾਬਤਾ ਕਰਨ ਦੇ ਨਿਰਦੇਸ਼ ਦਿੱਤੇ ਅਤੇ ਬਾਅਦ ਵਿੱਚ ਮੰਤਰੀ ਸ਼ਰੂਤੀ ਚੌੌਧਰੀ ਨੇ ਖੁਦ ਕਿਸਾਨਾਂ ਤੋਂ ਪੁਸ਼ਟੀ ਕੀਤੀ ਕਿ ਐੱਸ ਈ ਦੀ ਕਾਲ ਆਈ ਹੈ ਜਾਂ ਨਹੀਂ। ਉਨ੍ਹਾਂ ਕਿਸਾਨ ਵਫ਼ਦ ਨੂੰ ਚੰਡੀਗੜ੍ਹ ਦਫ਼ਤਰ ਬੁਲਾਇਆ ਅਤੇ ਸਮੱਸਿਆਵਾਂ ਦਾ ਹੱਲ ਤਰਜੀਹੀ ਹੱਲ ਦਾ ਵਿਸ਼ਵਾਸ ਦਿੱਤਾ।