ਹਸਪਤਾਲ ’ਚ ਔਰਤਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਖ਼ਿਲਾਫ਼ ਮੁਜ਼ਾਹਰਾ
ਸਿਹਤ ਵਿਭਾਗ ਮਾਨਸਾ ਅਧੀਨ ਕੰਮ ਕਰਦੀਆਂ ਆਸ਼ਾ ਵਰਕਰਾਂ ਵੱਲੋਂ ਸਿਵਲ ਹਸਪਤਾਲ ਬੁਢਲਾਡਾ ਵਿੱਚ ਔਰਤਾਂ ਦੇ ਮਾਹਿਰ ਡਾਕਟਰਾਂ ਦੀ ਘਾਟ ਖ਼ਿਲਾਫ਼ ਸਿਹਤ ਵਿਭਾਗ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜੱਚਾ-ਬੱਚਾ ਹਸਪਤਾਲ ਬੁਢਲਾਡਾ ਵਿੱਚ ਗਾਇਨੀ ਡਾਕਟਰ ਦੀ ਡਿਊਟੀ ਮਾਨਸਾ ਵਿਖੇ ਕੀਤੀ ਗਈ ਹੈ।
ਜਥੇਬੰਦੀ ਦੇ ਪ੍ਰਧਾਨ ਕਿਰਨਜੀਤ ਕੌਰ ਟਾਹਲੀਆਂ ਨੇ ਕਿਹਾ ਕਿ ਆਸ਼ਾ ਵਰਕਰਾਂ ਨਿਗੁਣੇ ਭੱਤੇ ਤੇ ਕੰਮ ਕਰਕੇ ਜਿਥੇ ਜੱਚਾ-ਬੱਚਾ ਦੀ ਦੇਖਭਾਲ ਕਰਦੀਆਂ ਹਨ, ਉੱਥੇ ਸਿਹਤ ਮਹਿਕਮੇ ਦੀਆਂ ਹਰ ਇੱਕ ਸਕੀਮ ਨੂੰ ਲੋੜਵੰਦ ਲੋਕਾਂ ਤੱਕ ਪਹੁੰਚਾਉਂਦੀਆਂ ਹਨ।
ਜਥੇਬੰਦਕ ਆਗੂ ਜ਼ਰੀਨਾ ਸ਼ੇਖੂਪੁਰ ਖੁਡਾਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਬੇਸ਼ੱਕ ਇੱਥੇ ਕਰੋੜਾਂ ਦੀ ਲਾਗਤ ਨਾਲ ਜੱਚਾ ਬੱਚਾ ਹਸਪਤਾਲ ਤਾਂ ਬਣਾ ਦਿੱਤਾ ਹੈ, ਪ੍ਰੰਤੂ ਇਸ ਵਿੱਚ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਸ ਦਾ ਉੱਕਾ ਵੀ ਲਾਭ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇੱਥੇ ਔਰਤ ਰੋਗਾਂ ਦੀ ਸਿਰਫ ਇੱਕ ਡਾਕਟਰ ਹੈ, ਉਨ੍ਹਾਂ ਦੀ ਡਿਊਟੀ ਵੀ ਕਈ-ਕਈ ਦਿਨ ਮਾਨਸਾ ਵਿਖੇ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਦੂਰੋਂ ਪਿੰਡਾਂ ਤੋਂ ਆਈਆਂ ਗਰਭਵਤੀ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਚੋਂ ਗੁਜ਼ਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੱਚਾ ਬੱਚਾ ਹਸਪਤਾਲ ਅੰਦਰ ਘੱਟੋ ਘੱਟ ਦੋ ਔਰਤ ਰੋਗ ਮਾਹਰ ਡਾਕਟਰਾਂ, ਦੋ ਐਨੇਸਥੀਸੀਆ ਡਾਕਟਰ ਅਤੇ ਇੱਕ ਬੱਚਿਆਂ ਦੇ ਮਾਹਿਰ ਡਾਕਟਰ ਦੀ ਪੱਕੀ ਨਿਯੁਕਤੀ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਉਹ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਸਿਵਲ ਸਰਜਨ ਮਾਨਸਾ ਦਾ ਘਿਰਾਓ ਕੀਤਾ ਜਾਵੇਗਾ।