ਐਡਵੋਕੇਟ ਅਮਨਦੀਪ ਕੌਰ ਨੂੰ ਧਮਕਾਉਣ ਵਿਰੁੱਧ ਪ੍ਰਦਰਸ਼ਨ
ਜਮਹੂਰੀ ਅਧਿਕਾਰ ਸਭਾ ਵੱਲੋਂ ਐੱਸ ਐੱਸ ਪੀ ਚੰਡੀਗੜ੍ਹ ਤੋਂ ਕਾਰਵਾਈ ਦੀ ਮੰਗ
ਜਮਹੂਰੀ ਅਧਿਕਾਰ ਸਭਾ ਨੇ ਪਿਛਲੇ ਦਿਨੀ ਆਪਣੀ ਸੂਬਾ ਕਮੇਟੀ ਮੈਂਬਰ ਅਮਨਦੀਪ ਕੌਰ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫ਼ੋਨ ’ਤੇ ਕਥਿਤ ਧਮਕਾਉਣ ਖ਼ਿਲਾਫ਼ ਅੱਜ ਇੱਥੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਐੱਸ ਐੱਸ ਪੀ ਚੰਡੀਗੜ੍ਹ ਦੇ ਨਾਂਅ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਦੀ ਗ਼ੈਰ ਮੌਜੂਦਗੀ ਵਿੱਚ ਕਾਨੂੰਨਗੋ ਅਤਿੰਦਰ ਪਾਲ ਨੂੰ ਦੇ ਕੇ ਧਮਕਾਉਣ ਵਾਲੇ ਵਿਅਕਤੀ ਦੀ ਪੜਤਾਲ ਕਰਕੇ ਉਸ ਖ਼ਿਲਾਫ਼ ਐੱਫ ਆਈ ਆਰ. ਦਰਜ ਕਰਨ ਦੀ ਮੰਗ ਕੀਤੀ ਗਈ।
ਸਭਾ ਦੇ ਜ਼ਿਲ੍ਹਾ ਪ੍ਰਧਾਨ ਬੱਗਾ ਸਿੰਘ ਅਤੇ ਜਨਰਲ ਸਕੱਤਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਐਡਵੋਕੇਟ ਅਮਨਦੀਪ ਕੌਰ ਪੰਜਾਬ ਯੂਨੀਵਰਸਿਟੀ ਦੇ ਉੱਠੇ ਮੁੱਦੇ ’ਤੇ ਆਵਾਜ਼ ਬੁਲੰਦ ਕਰਦਿਆਂ ’ਵਰਸਿਟੀ ਪੰਜਾਬ ਕੋਲ ਰਹਿਣ ਦੀ ਵਕਾਲਤ ਕੀਤੀ ਸੀ। ਇਸ ਤੋਂ ਇਲਾਵਾ ਉਸ ਵੱਲੋਂ ਸੈਨੇਟ ਚੋਣਾਂ ਲਈ ਸੰਘਰਸ਼ ਦੀ ਹਮਾਇਤ ਕੀਤੇ ਜਾਣਾ ਵੀ ਮੌਲਿਕ ਅਧਿਕਾਰਾਂ ਦੇ ਅਧੀਨ ਆਉਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਅਮਨਦੀਪ ਨੂੰ ਫ਼ੋਨ ਕਰਕੇ ਮੰਦੀ ਭਾਸ਼ਾ ਵਰਤ ਕੇ ਡਰਾਇਆ, ਧਮਕਾਇਆ ਅਤੇ ਦੇਸ਼ ਛੱਡ ਜਾਣ ਲਈ ਆਖਿਆ।
ਆਗੂਆਂ ਨੇ ਇਲਜ਼ਾਮ ਲਾਇਆ ਕਿ ਧਮਕਾਉਣ ਵਾਲਾ ਵਿਅਕਤੀ ਕਥਿਤ ਆਰ ਐੱਸ ਐੱਸ ਦਾ ਹਮਾਇਤੀ ਜਾਪਦਾ ਸੀ, ਜੋ ਅਮਨਦੀਪ ’ਤੇ ‘ਪਾਕਿਸਤਾਨੀ ਏਜੰਟ’ ਹੋਣ ਦਾ ਦੋਸ਼ ਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਧਮਕੀਆਂ ਆਜ਼ਾਦ ਵਿਚਾਰਾਂ ਨੂੰ ਖ਼ੌਫ਼ਜ਼ਦਾ ਕਰਨ ਵਾਲੀਆਂ ਹਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਪੀੜਤ ਅਮਨਦੀਪ ਕੌਰ ਨੂੰ ਧਮਕਾਉਣ ਵਾਲੇ ਵਿਅਕਤੀ ’ਤੇ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।

