ਬੱਪੀਆਣਾ ਦਾ ਗੰਦਾ ਪਾਣੀ ਫਫੜੇ ਭਾਈਕੇ ਦੇ ਛੱਪੜ ’ਚ ਪਾਉਣ ਦਾ ਵਿਰੋਧ
ਪਿੰਡ ਬੱਪੀਆਣਾ ਦੇ ਛੱਪੜ ਦਾ ਪਾਣੀ ਪਾਈਪ ਲਾਈਨ ਪਾਕੇ ਪਿੰਡ ਫਫੜੇ ਭਾਈਕੇ ਦੇ ਛੱਪੜ ਵਿੱਚ ਕੱਢਣ ਦਾ ਵਿਰੋਧ ਕਰ ਰਹੇ ਮਾਰਕੀਟ ਕਮੇਟੀ ਭੀਖੀ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਤੇ ਕਈ ਹੋਰਨਾਂ ਨੂੰ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ। ਪਿੰਡ ਦੇ ਲੋਕਾਂ ਨੇ ਦੋਸ਼ ਲਾਇਆ ਕਿ ਭਾਵੇਂ ਪਿੰਡ ਫਫੜੇ ਭਾਈਕੇ ਦੇ ਛੱਪੜਾਂ ਦਾ ਪਾਣੀ ਛੋਟੀ ਪਾਈਪ ਰਾਹੀਂ ਸਹਾਰਨਾ ਡਰੇਨ ਵਿੱਚ ਪੈਂਦਾ ਹੈ, ਪਰ ਪਿੰਡ ਬੱਪੀਆਣਾ ਦੇ ਛੱਪੜ ਦੇ ਪਾਣੀ ਦੀ ਨਿਕਾਸੀ ਇੱਧਰ ਕਰਨ ਨਾਲ ਸੈਂਕੜੇ ਘਰ ਮੁਸੀਬਤ ਵਿੱਚ ਫਸ ਜਾਣਗੇ ਅਤੇ ਕਈ ਘਰਾਂ ਦੇ ਡੁੱਬਣ ਦਾ ਖ਼ਤਰਾ ਵੀ ਹੋ ਜਾਵੇਗਾ।
ਪਿੰਡ ਫਫੜੇ ਭਾਈਕੇ ਦੇ ਲੋਕਾਂ ਨੂੰ ਹਿਰਾਸਤ ਅਤੇ ਘਰਾਂ ਵਿੱਚ ਨਜ਼ਰਬੰਦ ਕਰਨ ਉਪਰੰਤ ਪਿੰਡ ਬੱਪੀਆਣਾ ਦੇ ਛੱਪੜਾਂ ਦਾ ਪਾਣੀ ਫਫੜੇ ਭਾਈਕੇ ਦੇ ਛੱਪੜਾਂ ਵਿੱਚ ਪਾ ਦਿੱਤਾ ਹੈ। ਪੁਲੀਸ ਵੱਲੋਂ ਹਿਰਾਸਤ ’ਚ ਲਏ ਸਾਬਕਾ ਸਰਪੰਚ ਇਕਬਾਲ ਸਿੰਘ ਸਿੱਧੂ ਨੂੰ ਹਿਰਾਅ ਕਰ ਦਿੱਤਾ।
ਬੀਤੀ ਕੱਲ੍ਹ ਜਦੋਂ ਪਿੰਡ ਬੱਪੀਆਣਾ ਦੇ ਛੱਪੜਾਂ ਦਾ ਪਾਣੀ ਫਫੜੇ ਭਾਈਕੇ ਵੱਲ ਮੋੜਨ ਦਾ ਪਤਾ ਲੱਗਿਆ ਤਾਂ ਖੁਦਾਈ ਕਰ ਰਹੀ ਮਸ਼ੀਨ ਨੂੰ ਰੋਕਕੇ ਉਥੇ ਪਿੰਡ ਫਫੜੇ ਭਾਈਕੇ ਦੇ ਲੋਕਾਂ ਨੇ ਧਰਨਾ ਲਾ ਦਿੱਤਾ ਸੀ।
ਸਾਬਕਾ ਸਰਪੰਚ ਇਕਬਾਲ ਸਿੰਘ ਫਫੜੇ ਨੇ ਦੱਸਿਆ ਕਿ ਪਿੰਡ ਬੱਪੀਆਣਾ ਦੇ ਦੋ ਛੱਪੜ ਹਨ, ਜਿਸਦੀ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਫਫੜੇ ਭਾਈਕੇ ਵਿਖੇ ਤਿੰਨ ਵੱਡੇ ਛੱਪੜ ਬਣੇ ਹੋਏ ਹਨ, ਪਾਣੀ ਜ਼ਿਆਦਾ ਭਰਨ ਨਾਲ ਇਹ ਪਾਣੀ ਛੋਟੀ ਪਾਈਪ ਰਾਹੀਂ ਨਿਕਾਸੀ ਸਹਾਰਨਾ ਡਰੇਨ ਵਿੱਚ ਹੁੰਦੀ ਹੈ। ਹੁਣ ਜਦੋਂ ਪਿੰਡ ਬੱਪੀਆਣਾ ਦਾ ਪਾਣੀ ਵੀ ਇਸ ਵਿੱਚ ਮਿਲ ਜਾਵੇਗਾ ਤਾਂ ਉਸ ਪਾਣੀ ਦੀ ਨਿਕਾਸੀ ਕਿਸੇ ਵੀ ਤਰ੍ਹਾਂ ਨਹੀਂ ਹੋ ਸਕੇਗੀ।
ਉਨ੍ਹਾਂ ਕਿਹਾ ਕਿ ਇਸ ਨੂੰ ਲੈਕੇ ਹੋਰ ਤਿੱਖਾ ਵਿਰੋਧ ਕਰਨਗੇ। ਪ੍ਰਸ਼ਾਸਨ ਉਨ੍ਹਾਂ ਪਿੰਡਾਂ ਦੇ ਪਾਣੀ ਦੀ ਨਿਕਾਸੀ ਦਾ ਵੱਖਰਾ ਪ੍ਰਬੰਧ ਕਰੇ ਅਤੇ ਪਿੰਡ ਬੱਪੀਆਣਾ ਤੇ ਫਫੜੇ ਭਾਈਕੇ ਵਿਚਕਾਰ ਦੀ ਪਾਈ ਪਾਈਪ ਲਾਈਨ ਹਟਾਈ ਜਾਵੇ, ਨਹੀਂ ਤਾਂ ਇਸ ਖਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।