ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਵਿਰੋਧ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਵਿੱਚ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਤੋਂ ਕਾਲਜ ਦੇ ਮੁੱਖ ਗੇਟ ਅੱਗੇ ਲੜੀਵਾਰ ਧਰਨਾ ਆਰੰਭ ਕਰ ਦਿੱਤਾ ਗਿਆ ਹੈ। ਯੂਨੀਅਨ ਆਗੂਆਂ ਨੇ ਦੋਸ਼ ਲਾਇਆ ਕਿ ਕਾਲਜ ਪ੍ਰਬੰਧਕ ਸਰਕਾਰੀ ਨਿਯਮਾਂ ਖ਼ਿਲਾਫ਼ ਲੋੜਵੰਦ ਪਰਿਵਾਰ ਦੇ ਬੱਚਿਆਂ ’ਤੇ ਪੀਟੀਏ ਦਾ ਵਾਧੂ ਆਰਥਿਕ ਬੋਝ ਪਾ ਰਹੇ ਹਨ। ਜਥੇਬੰਦੀ ਦੇ ਜ਼ਿਲ੍ਹਾ ਕਨਵੀਨਰ ਅਰਵਿੰਦਰ ਕੌਰ ਨੇ ਕਿਹਾ ਕਿ ਲੋੜਵੰਦ ਪਰਿਵਾਰਾਂ ਦੇ ਬੱਚੇ ਉਚੇਰੀ ਸਿੱਖਿਆ ਲਈ ਕਾਲਜਾਂ ਵਿੱਚ ਮੁਸ਼ਕਲ ਨਾਲ ਪਹੁੰਚ ਪਾਉਂਦੇ ਹਨ। ਕਾਲਜ ਪ੍ਰਬੰਧਕਾਂ ਵੱਲੋਂ ਹਰ ਸਾਲ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਜ਼ਬਰੀ ਲਿਆ ਜਾਂਦਾ ਹੈ। ਇਸ ਕਾਰਨ ਬਹੁਤੇ ਵਿਦਿਆਰਥੀ ਆਪਣੀ ਪੜ੍ਹਾਈ ਅੱਧ ਵਿਚਕਾਰ ਛੱਡ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਚੇਰੀ ਸਿੱਖਿਆ ਵਿਭਾਗ (ਕਾਲਜਾਂ) ਦੇ ਨਿਯਮਾਂ ਅਨੁਸਾਰ ਸਰਕਾਰੀ ਕਾਲਜ ਕੋਲ ਦਾਖ਼ਲੇ ਸਮੇਂ ਐੱਸਸੀ ਵਿਦਿਆਰਥੀਆਂ ਤੋਂ ਕੋਈ ਨਾ-ਮੋੜਨਯੋਗ ਫੀਸ ਵਸੂਲਣ ਦਾ ਅਧਿਕਾਰ ਨਹੀਂ ਹੈੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਤਨਖ਼ਾਹਾਂ ਸਰਕਾਰੀ ਖਜ਼ਾਨੇ ਵਿੱਚੋਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਜਥੇਬੰਦੀ ਦੇ ਆਗੂ ਕਮਲਪ੍ਰੀਤ ਸਿੰਘ ਭਾਟੀਆ ਨੇ ਕਿਹਾ ਕਿ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਫੀਸਾਂ ਵਿੱਚ ਵਾਧਾ ਕੀਤਾ ਹੈ, ਇਸ ਨਾਲ ਵਿਦਿਆਰਥੀਆਂ ਤੇ ਫੀਸਾਂ ਦਾ ਹੋਰ ਬੋਝ ਪੈਣਾ ਹੈ। ਉਨ੍ਹਾਂ ਇਸ ਦੀ ਨਿਖੇਧੀ ਕਰਦਿਆਂ ਵਾਧਾ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਜੋਰਾਵਰ ਸਿੰਘ, ਪ੍ਰਦੀਪ ਕੌਰ, ਸੁਖਜੀਤ ਕੌਰ, ਅਰਸ਼, ਸੁਖਦੀਪ ਸਿੰਘ, ਨਵਦੀਪ ਸਿੰਘ, ਕਮਲਪ੍ਰੀਤ ਕੌਰ, ਸਾਹਿਲਦੀਪ ਸਿੰਘ, ਹਰਵਿੰਦਰ ਸਿੰਘ, ਜਤਿੰਦਰ ਸਿੰਘ ਵੀ ਮੌਜੂਦ ਸਨ।