ਗਰਾਂਟ ਦਾ ਐਲਾਨ ਨਾ ਕਰਨ ’ਤੇ ਮੁੱਖ ਮੰਤਰੀ ਖ਼ਿਲਾਫ਼ ਰੋਸ
ਮੁੱਖ ਮੰਤਰੀ ਵੱਲੋਂ ਕੁਝ ਦਿਨ ਪਹਿਲਾਂ ਸ਼ਹਿਣਾ ’ਚ ਲਾਇਬ੍ਰੇਰੀ ਦੇ ਉਦਘਾਟਨ ਉਪਰੰਤ 22 ਹਜ਼ਾਰ ਦੀ ਆਬਾਦੀ ਵਾਲੇ ਕਸਬੇ ਨੂੰ ਕਾਲਜ, ਆਈ.ਟੀ.ਆਈ. ਹਸਪਤਾਲ ਜਾਂ ਗਰਾਂਟ ਆਦਿ ਦੀ ਸਹੂਲਤ ਦਾ ਐਲਾਨ ਨਾ ਕਰਨ ਦੇ ਰੋਸ ਵਜੋਂ ਅੱਜ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਧਾਲੀਵਾਲ ਸੂਬਾ ਸੈਕਟਰੀ ਕਿਸਾਨ ਸੈੱਲ ਕਾਂਗਰਸ ਨੇ ਕਿਹਾ ਕਿ ਜਦੋਂ ਪਿੰਡ ਵਾਸੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਫੇਰੀ ਸਬੰਧੀ ਪਤਾ ਲੱਗਿਆ ਤਾਂ ਪਿੰਡ ਵਾਸੀ ਖੁਸ਼ ਸਨ ਕਿ ਮੁੱਖ ਮੰਤਰੀ ਕਸਬਾ ਸ਼ਹਿਣਾ ਦੇ ਲੋਕਾਂ ਲਈ ਕਿਸੇ ਵੱਡੀ ਸੁਗਾਤ ਦਾ ਐਲਾਨ ਕਰਕੇ ਜਾਣਗੇ, ਪ੍ਰੰਤੂ ਮੁੱਖ ਮੰਤਰੀ ਵੱਲੋਂ ਐਲਾਨ ਨਾ ਕਰਨ ਕਰਕੇ ਪਿੰਡ ਵਾਸੀਆਂ ਵਿੱਚ ਕਾਫੀ ਨਿਰਾਸ਼ਾ ਪਾਈ ਜਾ ਰਹੀ ਹੈ।
ਸੀਨੀਅਰ ਆਗੂ ਸੁਖਵਿੰਦਰ ਸਿੰਘ ਕਲਕੱਤਾ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪਿੰਡ ਸ਼ਹਿਣਾ ਵਿੱਚ ਕਿਸੇ ਵੀ ਪਾਰਟੀ ਦਾ ਮੁੱਖ ਮੰਤਰੀ ਆਇਆ ਉਹ ਪਿੰਡ ਦੇ ਵਿਕਾਸ ਕਾਰਜਾਂ ਲਈ ਸਮੇਂ-ਸਮੇਂ ਦੀਆਂ ਪੰਚਾਇਤਾਂ ਨੂੰ ਵੱਡੇ ਪੱਧਰ ’ਤੇ ਗਰਾਂਟਾਂ ਦੇ ਗੱਫੇ ਦੇ ਕੇ ਗਿਆ। ਪਿਛਲੇ 70 ਸਾਲਾਂ ਦੇ ਸਮੇਂ ਵਿੱਚ ਪਹਿਲੀ ਵਾਰ ਹੋਇਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਕਸਬਾ ਸ਼ਹਿਣਾ ਲਈ ਕੋਈ ਸਹੂਲਤ ਜਾਂ ਗਰਾਂਟਾਂ ਦਿੱਤੇ ਬਿਨਾਂ ਹੀ ਚਲੇ ਗਏ।
ਭਾਕਿਯੂ ਚੜੂਨੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਬੁੱਬੂ ਪੰਧੇਰ ਨੇ ਕਿਹਾ ਕਿ ਪਿੰਡਾਂ ਵਿਚ ਲਾਇਬਰੇਰੀਆਂ ਬਣਾਉਣ ਤੋਂ ਪਹਿਲਾਂ ਪੰਜਾਬ ਸਰਕਾਰ ਪਿੰਡਾਂ ਵਿੱਚੋਂ ਗਲੀ-ਗਲੀ ਵਿਕ ਰਹੇ ਨਸ਼ਿਆਂ ਨੂੰ ਬੰਦ ਕਰਵਾਏ। ਇਸ ਮੌਕੇ ਰੌਸ਼ਨ ਲਾਲ ਸ਼ਰਮਾ ਸਾਬਕਾ ਪੰਚਾਇਤ ਮੈਂਬਰ, ਗੁਰਤੇਜ ਸਿੰਘ ਸੰਧੂ, ਕਰਮਜੀਤ ਸਿੰਘ ਕੰਦਾ, ਦੀਪਾ ਬਾਵਾ, ਲਖਵੀਰ ਸਿੰਘ ਦੋਦੇਵਾਲੀਆ, ਸਾਹਿਬਦੀਨ, ਗੱਗੂ ਸਿੰਘ ਅਤੇ ਹੋਰ ਪਿੰਡ ਵਾਸੀ ਹਾਜ਼ਰ ਸਨ।