ਜੇਲ੍ਹ ’ਚ ਕੈਦੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ
ਜ਼ਿਲ੍ਹਾ ਜੇਲ੍ਹ ਬਰਨਾਲਾ ਵਿੱਚ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਕੈਦੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਗਿਆ। ਜ਼ਿਲ੍ਹਾ ਸਮਾਜਿਕ ਸਰੁੱਖਿਆ ਅਧਿਕਾਰੀ ਡਾ. ਤੇਵਾਸਪ੍ਰੀਤ ਕੌਰ ਨੇ ਦੱਸਿਆ ਕਿ ਵੱਡੀ ਗਿਣਤੀ ਵਿੱਚ ਹਾਜ਼ਰ ਜੇਲ੍ਹ ਸਹਿਵਾਸੀਆਂ ਦੀ ਕੌਂਸਲਿੰਗ ਕਰਦੇ ਹੋਏ ਚੰਗਾ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਸ਼ਾ ਮੁਕਤੀ ਦੀ ਸਹੁੰ ਚੁਕਵਾਈ ਗਈ। ਇਸ ਤੋਂ ਇਲਾਵਾ ਜੀਵਨ ਅਤੇ ਸਿਹਤ ਸੁਧਾਰਣ ਲਈ ਕੌਸ਼ਲ ਵਿਕਾਸ ਕੋਰਸਾਂ ਬਾਰੇ ਜਾਣਕਾਰੀ ਦਿੱਤੀ ਗਈ, ਤਾਂ ਜੋ ਉਹ ਆਪਣਾ ਰੋਜ਼ਗਾਰ ਕਰਨ ਦੇ ਯੋਗ ਬਣ ਸਕਣ। ਉਨ੍ਹਾਂ ਸਭ ਨੂੰ ਅਪੀਲ ਕੀਤੀ ਕਿ ਆਪਣੇ ਪਰਿਵਾਰ ਬਾਰੇ ਸੋਚੋ, ਜੋ ਤੁਹਾਡੇ ਨਾਲ ਜੀਵਨ ਬਿਤਾਉਣ ਦੀ ਉਮੀਦ ਰੱਖਦੇ ਹਨ। ਇਸ ਮੌਕੇ ਜੇਲ੍ਹ ਸੁਪਰਡੈਂਟ ਕੁਲਵਿੰਦਰ ਸਿੰਘ ਨੇ ਵੀ ਕੈਦੀਆਂ ਨੂੰ ਕਿੱਤਾ ਮੁਖੀ ਸੇਵਾਵਾਂ ਲੈਣ ਲਈ ਪ੍ਰੇਰਿਤ ਕੀਤਾ ਅਤੇ ਦੱਸਿਆ ਕਿ ਕਈ ਕੈਦੀ ਆਪਣੀ ਅਗਲੀ ਪੜ੍ਹਾਈ ਲਈ ਦਾਖ਼ਲੇ ਕਰਵਾ ਰਹੇ ਹਨ, ਜਿਸ ਨਾਲ ਉਹ ਆਪਣੇ ਭਵਿੱਖ ਨੂੰ ਸੁਧਾਰ ਸਕਣਗੇ। ਇਸ ਦੌਰਾਨ ਜੇਲ੍ਹ ਵਿਚ ਪੌਦੇ ਲਗਾ ਕੇ ਸਿਹਤਮੰਦ ਵਾਤਾਵਰਣ ਦਾ ਸੰਦੇਸ਼ ਦਿੱਤਾ ਗਿਆ।