ਜ਼ਮੀਨ ਦੀ ਰਜਿਸਟਰੀ ਕਰਵਾਉਣ ਤੋਂ ਮੁੱਕਰਨ ਵਾਲਾ ਪ੍ਰਿੰਸੀਪਲ ਗ੍ਰਿਫ਼ਤਾਰ
ਪਿੰਡ ਅਕਲੀਆ ’ਚ ਜਾਇਦਾਦ ਦੇ ਧੋਖਾਧੜੀ ਦੇ ਮਾਮਲੇ ’ਚ ਪੁਲੀਸ ਨੇ ਅਕਲੀਆ ਦੇ ਅਵਤਾਰ ਸਿੰਘ ਤੇ ਉਸ ਦੇ ਪਿਤਾ ਸਾਬਕਾ ਫੌਜੀ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਮਾਮਲੇ ’ਚ ਪੁਲੀਸ ਨੇ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਜਦਕਿ ਉਸ ਦਾ ਪਿਤਾ ਹਾਲੇ ਫਰਾਰ ਹੈ। ਮੁਲਜ਼ਮ ਅਵਤਾਰ ਸਰਕਾਰੀ ਸਕੂਲ ’ਚ ਬਤੌਰ ਪ੍ਰਿੰਸੀਪਲ ਤਾਇਨਾਤ ਹੈ। ਇਹ ਕਾਰਵਾਈ ਗਗਨਦੀਪ ਸਿੰਘ ਵਾਸੀ ਚੀਮਾ ਜ਼ਿਲ੍ਹਾ ਸੰਗਰੂਰ ਦੀ ਸ਼ਿਕਾਇਤ ਦੇ ਆਧਾਰ ’ਤੇ ਹੋਈ ਹੈ।
ਸ਼ਿਕਾਇਤਕਰਤਾ ਨੇ ਕਿਹਾ ਕਿ ਅਵਤਾਰ ਸਿੰਘ ਵਾਸੀ ਅਕਲੀਆ ਵੱਲੋਂ ਉਨ੍ਹਾਂ ਨਾਲ ਧੋਖਾਧੜੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਵੱਲੋਂ 17 ਦਸੰਬਰ 2022 ਨੂੰ 17 ਕਨਾਲ 2 ਮਰਲੇ ਜ਼ਮੀਨ ਦਾ ਸੌਦਾ 22 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤਾ ਗਿਆ ਸੀ ਅਤੇ 3 ਲੱਖ ਰੁਪਏ ਗਵਾਹਾਂ ਦੀ ਹਾਜ਼ਰੀ ਵਿੱਚ ਬਿਆਨਾ ਦੇ ਕੇ ਰਜਿਸਟਰੀ ਦਾ ਸਮਾਂ 9 ਦਸੰਬਰ 2023 ਤੈਅ ਕੀਤਾ ਸੀ। ਪੀੜਤ ਨੇ ਦੱਸਿਆ ਕਿ ਉਨ੍ਹਾਂ ਜੋ ਦਿਨ ਰਜਿਸਟਰੀ ਕਰਵਾਉਣ ਲਈ ਤੈਅ ਕੀਤਾ ਸੀ, ਉਸ ਦਿਨ ਉਹ ਸਬ-ਤਹਿਸੀਲ ਜੋਗਾ ਵਿੱਚ ਬੈਠ ਕੇ ਅਵਤਾਰ ਸਿੰਘ ਦੀ ਉਡੀਕ ਕਰਦੇ ਰਹੇ ਪਰ ਅਵਤਾਰ ਸਿੰਘ ਰਜਿਸਟਰੀ ਕਰਵਾਉਣ ਲਈ ਨਹੀਂ ਆਇਆ ਅਤੇ ਉਹ ਆਪਣੀ ਹਾਜ਼ਰੀ ਤਹਿਸੀਲਦਾਰ ਜੋਗਾ ਕੋਲ ਲਗਵਾ ਕੇ ਚਲੇ ਗਏ। ਇਸ ਦੌਰਾਨ ਅਵਤਾਰ ਸਿੰਘ ਨੇ ਆਪਣੀ ਜ਼ਮੀਨ ਆਪਣੇ ਭਰਾ ਦੇ ਨਾਮ ਤਬਦੀਲ ਕਰਵਾ ਕੇ ਅੱਗੇ ਕਿਸੇ ਹੋਰ ਬੰਦਿਆਂ ਨੂੰ ਵੇਚ ਦਿੱਤੀ। ਇਸ ਸਬੰਧੀ ਥਾਣਾ ਜੋਗਾ ’ਚ ਪ੍ਰਿੰਸੀਪਲ ਅਵਤਾਰ ਸਿੰਘ ਖ਼ਿਲਾਫ਼ ਦਰਖਾਸਤ ਦਿੱਤੀ ਪਰੰਤੂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ। ਉਪਰੰਤ ਉਨ੍ਹਾਂ ਇਨਸਾਫ਼ ਲੈਣ ਲਈ ਐੱਸਐੱਸਪੀ ਮਾਨਸਾ ਨੂੰ ਦਰਖਾਸਤ ਦਿੱਤੀ, ਜਿਨ੍ਹਾਂ ਵੱਲੋਂ ਅੱਗੇ ਮਾਰਕ ਕਰ ਕੇ ਅੱਜ ਅਵਤਾਰ ਸਿੰਘ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।