ਹੜ੍ਹ ਕਾਰਨ ਰੇਤਾ-ਬਜਰੀ ਤੇ ਤਰਪਾਲਾਂ ਦੇ ਭਾਅ ਵਧੇ
ਪੰਜਾਬ ਵਿਚ ਹੜ੍ਹਾਂ ਕਾਰਨ ਰੇਤਾ, ਬਜਰੀ ਤੇ ਤਰਪਾਲਾਂ ਦੇ ਭਾਅ ਵਧ ਗਏ ਹਨ। ਅਜਿਹੇ ’ਚ ਜਿਥੇ ਆਮ ਲੋਕਾਂ ਵੱਲੋਂ ਉਸਾਰੀਆਂ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਉਥੇ ਵੱਡੀ ਪੱਧਰ ’ਤੇ ਵਿਕਾਸ ਕਾਰਜ ਰੁਕ ਗਏ ਹਨ। ਹੜ੍ਹਾਂ ਕਾਰਨ ਤਰਪਾਲਾਂ ਦੀ ਮੰਗ ਵਧਣ ਕਾਰਨ ਦੁਕਾਨਦਾਰਾਂ ਨੇ ਤਰਪਾਲਾਂ ਦੇ ਭਾਅ ਵੀ ਦੋ ਗੁਣਾ ਵਧਾ ਦਿੱਤੇ ਹਨ। ਡਰੇਨੇਜ ਕਮ ਮਾਈਨਿੰਗ ਵਿਭਾਗ ਜੂਨੀਅਰ ਇੰਜਨੀਅਰ ਅਭਿਨਵ ਨੇ ਕਿਹਾ ਕਿ ਸੂਬੇ ਵਿੱਚ ਦਰਿਆ ਖ਼ੇਤਰ ਵਿਚੋਂ ਹਰ ਸਾਲ 1 ਜੁਲਾਈ ਤੋਂ ਤਕਰੀਬਨ 30 ਸਤੰਬਰ ਤੱਕ ਬਰਸਾਤੀ ਮੌਸਮ ਕਾਰਨ ਰੇਤ ਦੀ ਨਿਕਾਸੀ ਬੰਦ ਹੁੰਦੀ ਹੈ। ਇਸ ਤਰ੍ਹਾਂ ਮੋਗਾ ਜ਼ਿਲ੍ਹੇ ’ਚ ਵੀ ਸਾਰੀਆਂ ਰੇਤਾਂ ਖੱਡਾਂ ’ਚੋਂ ਨਿਕਾਸੀ ਬੰਦ ਹੈ। ਪੰਜਾਬ ’ਚ ਜ਼ਮੀਨੀ ਪੱਧਰ ’ਤੇ ਰੇਤ-ਬਜਰੀ ਦੀ ਕਾਲਾ ਬਾਜ਼ਾਰੀ ਜਾਰੀ ਹੈ ਜਿਸ ਕਾਰਨ ਇਸ ਨਾਲ ਜੁੜਿਆ ਹਰ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਪੰਜਾਬ ਵਿੱਚ ਮਾਈਨਿੰਗ ਬੰਦ ਹੋਣ ਤੋਂ ਪਹਿਲਾਂ ਹੀ ਮਾਫ਼ੀਆ ਵੱਲੋਂ ਵੱਡੀ ਪੱਧਰ ਉੱਤੇ ਰੇਤਾ-ਬਜਰੀ ਡੰਪ ਕਰ ਲਈ ਜਾਂਦੀ ਹੈ ਅਤੇ ਹੁਣ ਆਮ ਭਾਅ ਨਾਲੋਂ ਕਈ ਗੁਣਾ ਵਧ ਉੱਤੇ ਵੇਚੀ ਜਾ ਰਹੀ ਹੈ। ਸਰਕਾਰ ਵੱਲੋਂ 5 ਰੁਪਏ ਫੁੱਟ ਰੇਤਾ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਰੇਤ 35 ਤੋਂ 40 ਰੁਪਏ ਫੁੱਟ ਅਤੇ ਜਿਹੜੀ ਟਰਾਲੀ 2 ਹਜ਼ਾਰ ਰੁਪਏ ਦੀ ਸੀ ਉਹ 35 ਸੌ ਰੁਪਏ ਅਤੇ ਟਰਾਲਾ 15 ਤੋਂ 18 ਹਜ਼ਾਰਾ ਰੁਪਏ ਦਾ ਵਿਕ ਰਿਹਾ ਹੈ ਜੋ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਲੋਕ ਆਪਣਾ ਘਰ ਬਣਾਉਣ ਦਾ ਸੁਪਨਾ ਦੇਖਦੇ ਹਨ, ਉਹ ਰੇਤ ਦੀ ਕਾਲਾਬਾਜ਼ਾਰੀ ਕਾਰਨ ਆਪਣੇ ਸੁਪਨੇ ਨੂੰ ਪੂਰਾ ਕਰਨ ਤੋਂ ਅਸਮਰੱਥ ਹੋ ਰਹੇ ਹਨ। ਪੰਜਾਬ ’ਚ ਇਸ ਸਮੇਂ ਵਿੱਚ ਨਾ ਤਾਂ ਸਰਕਾਰ ਅੱਗੇ ਰੇਤ ਮਾਫੀਆ ਝੁਕਿਆ ਹੈ ਅਤੇ ਨਾ ਹੀ ਕਿਸੇ ਨੂੰ ਸਸਤੇ ਰੇਟ ’ਤੇ ਰੇਤ ਮਿਲ ਸਕੀ। ਸਰਕਾਰੀ ਵਿਕਾਸ ਕਾਰਜਾਂ ਦੇ ਵਪਾਰੀਆਂ ਨੇ ਘੱਟ ਰੇਟ ਤੇ ਟੈਂਡਰ ਲਏ ਸੀ ਪਰ ਹੁਣ ਰੇਟ ਮਹਿੰਗੇ ਹੋਣ ਕਾਰਨ ਉਨ੍ਹਾਂ ਦਾ ਕੰਮ ਵੀ ਠੱਪ ਹੋ ਗਿਆ ਹੈ। ਰੇਤਾ-ਬਜਰੀ ਨਾਲ ਜੁੜੇ ਕਾਰੋਬਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਉਸਾਰੀਆਂ ਦੇ ਕਾਰਜ ਰੁਕ ਗਏ ਹਨ। ਲੋਕਾਂ ਵੱਲੋਂ ਰੇਤਾ-ਬਜਰੀ ਦੇ ਭਾਅ ਘਟਣ ਦੀ ਉਡੀਕ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਰੇਤਾ-ਬਜਰੀ ਦਾ ਵੱਡਾ ਮੁੱਦਾ ਸੀ ਪਰ ਸਰਕਾਰ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ।