ਡਾ. ਕੇਹਰ ਸਿੰਘ ਮਾਰਗ ਦੀ ਲਿੱਪਾ-ਪੋਚੀ ਕਰਨ ਦੀ ਤਿਆਰੀ
ਕੋਟਕਪੂਰਾ, ਬਠਿੰਡਾ ਤੇ ਮਲੋਟ ਸ਼ਹਿਰਾਂ ਨੂੰ ਮਿਲਾਉਣ ਵਾਲਾ ਡਾਕਟਰ ਕੇਹਰ ਸਿੰਘ ਮਾਰਗ (ਬਾਈਪਾਸ) ਪੰਜਾਬ ਮੰਡੀ ਬੋਰਡ ਦੇ ਅਧੀਨ ਹੈ। ਇਸੇ ਬਾਈਪਾਸ ਉਪਰ ਡਿਪਟੀ ਕਮਿਸ਼ਨਰ ਦਫਤਰ, ਜ਼ਿਲ੍ਹਾ ਅਦਾਲਤੀ ਕੰਪਲੈਕਸ, ਸਿਵਲ ਹਸਪਤਾਲ, ਚਾਲ੍ਹੀ ਮੁਕਤਿਆਂ ਦੀ ਯਾਦਗਾਰ ‘ਮੀਨਾਰ-ਏ-ਮੁਕਤਾ’, ਸਕੂਲ, ਹਸਪਤਾਲ, ਸੈਂਕੜੇ ਕਮਸ਼ੀਅਲ ਇਮਾਰਤਾਂ, ਸੈਂਟਰਲ ਪਲਾਜ਼ਾ, ਕਈ ਕਲੋਨੀਆਂ ਅਤੇ ਹਜ਼ਾਰਾਂ ਰਿਹਾਇਸ਼ੀ ਘਰ ਹਨ ਪਰ ਇਹ ਬਾਈਪਾਸ ਅਕਸਰ ਟੁੱਟਿਆ ਰਹਿੰਦਾ ਹੈ। ਬਿਨਾਂ ਮੀਂਹ ਤੋਂ ਹੀ ਇਸ ਸੜਕ ਉਪਰ ਪਾਣੀ ਦੇ ਛੱਪੜ ਲੱਗੇ ਰਹਿੰਦੇ ਹਨ। ਇਸ ਦਾ ਕਾਰਨ ਇਹ ਹੈ ਕਿ ਬਾਈਪਾਸ ਦੇ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ। ਪਾਣੀ ਖੜ੍ਹਨ ਕਾਰਨ ਸੜਕ ’ਤੇ ਡੂੰਘੇ ਖੱਡੇ ਬਣੇ ਹੋਏ ਹਨ। ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਦਫਤਰ ਕੋਲ ਮੀਨਾਰ-ਏ-ਮੁਕਤਾ ਦੇ ਸਾਹਮਣੇ ਸੀਵਰੇਜ ਦੇ ਪਾਣੀ ਦੀ ਵਜ੍ਹਾ ਕਰਕੇ ਸੜਕ ਲੰਬੇ ਸਮੇਂ ਤੋਂ ਟੁੱਟੀ ਹੈ। ਇਹੀ ਹਾਲ ਬਠਿੰਡਾ ਤੋਂ ਮਲੋਟ ਰੋਡ ਤੱਕ ਦੀ ਹੈ। ਹੁਣ ਮੰਡੀ ਬੋਰਡ ਵੱਲੋਂ ਮੁੜ ਇਸੇ ਸੜਕ ’ਤੇ 92 ਲੱਖ ਰੁਪਏ ਨਾਲ ਲੁੱਕ ਬਜਰੀ ਪਾਈ ਜਾ ਰਹੀ ਹੈ ਪਰ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸੜਕ ਉਪਰ ਲੱਖਾਂ ਰੁਪਏ ਲਾਉਣ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਜਾਵੇ। ਜੇ ਪਾਣੀ ਦੀ ਨਿਕਾਸੀ ਹੋਵੇਗੀ ਤਾਂ ਹੀ ਸੜਕ ਬਚੇਗੀ।
ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਮੀਤ ਗਰਗ ਨੇ ਦੱਸਿਆ ਕਿ ਡਾਕਟਰ ਕੇਹਰ ਸਿੰਘ ਮਾਰਗ ਦੇ ਨਵ-ਨਿਰਮਾਣ ਵਾਸਤੇ ‘ਬਾਲਾ ਜੀ ਕੰਸਟਰਕਸ਼ਨ ਕੰਪਨੀ ਮਾਨਸਾ’ ਨੂੰ 92 ਲੱਖ ਰੁਪਏ ਵਿੱਚ ਠੇਕਾ ਦਿੱਤਾ ਗਿਆ ਹੈ। ਕੰਮ ਬਾਰਸ਼ਾਂ ਤੋਂ ਬਾਅਦ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮਾਰਗ ਦੇ ਪਾਣੀ ਦੀ ਨਿਕਾਸੀ ਸਣੇ ਹੋਰ ਲੋੜਾਂ ਵਾਸਤੇ ਵੀ ਵੱਖ-ਵੱਖ ਵਿਭਾਗਾਂ ਨਾਲ ਰਾਬਤਾ ਕੀਤਾ ਗਿਆ ਹੈ।
ਵਿਧਾਇਕ ਕਾਕਾ ਬਰਾੜ ਨੇ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਨੇ ਸਾਰੇ ਅੜਿੱਕੇ ਦੂਰ ਕਰਕੇ ਅੱਜ ਇਸ ਸੜਕ ਦਾ ਕੰਮ ਸ਼ੁਰੂ ਕਰਵਾਇਆ ਹੈ ਅਤੇ 92 ਲੱਖ ਰੁਪਏ ਦੀ ਲਾਗਤ ਨਾਲ ਦਸੰਬਰ ਮਹੀਨੇ ਵਿਚ ਪੂਰਾ ਕਰਕੇ ਇਹ ਸੜਕ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕੀਤੀ ਜਾਵੇਗੀ।
ਸੀਵਰੇਜ ਦੀ ਨਿਕਾਸੀ ਸਬੰਧੀ ਕਾਰਵਾਈ ਕਰਾਂਗੇ: ਡੀਸੀ
ਡੀਸੀ ਅਭਿਜੀਤ ਕਪਲਿਸ਼ ਨੇ ਦੱਸਿਆ ਕਿ ਸੜਕ ਬਣਾਉਣ ਦਾ ਕੰਮ ਤਾਂ ਮੰਡੀ ਬੋਰਡ ਦੇ ਅਧੀਨ ਹੈ ਅਤੇ ਉਹ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਨਿਕਾਸੀ ਨਾ ਹੋਣ ਸਬੰਧੀ ਉਹ ਜਲਦੀ ਕਾਰਵਾਈ ਕਰਨਗੇ।