ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਸੰਘਰਸ਼ ਦਾ ਐਲਾਨ
6 ਅਕਤੂਬਰ ਨੂੰ ਬਰਨਾਲਾ ’ਚ ਸਰਕਲ ਪੱਧਰੀ ਧਰਨਾ ਦੇਣ ਦਾ ਫ਼ੈਸਲਾ
ਪੈਨਸ਼ਨਰ ਐਸੋਸੀਏਸ਼ਨ ਸਰਕਲ ਬਰਨਾਲਾ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸਰਕਲ ਪ੍ਰਧਾਨ ਪਿਆਰਾ ਲਾਲ ਦੀ ਪ੍ਰਧਾਨਗੀ ਹੇਠ ਸਥਾਨਕ ਮੁੱਖ ਦਫ਼ਤਰ ਧਨੌਲਾ ਰੋਡ ਵਿੱਚ ਹੋਈ। ਸਰਕਲ ਸਕੱਤਰ ਸ਼ਿੰਦਰ ਧੌਲਾ ਨੇ ਦੱਸਿਆ ਕਿ ਪਾਵਰਕੌਮ ਮੈਨੇਜਮੈਂਟ ਪੈਨਸ਼ਨਰਾਂ ਦੀਆਂ ਉਹ ਮੰਗਾਂ ਵੀ ਲਾਗੂ ਕਰਨ ਤੋਂ ਟਾਲ ਮਟੋਲ ਕਰ ਰਹੀ ਹੈ, ਜਿਨ੍ਹਾਂ ’ਤੇ ਬਿਜਲੀ ਮੰਤਰੀ ਹਰਭਜਨ ਸਿੰਘ ਅਤੇ ਪਾਵਰਕੌਮ ਦੇ ਚੇਅਰਮੈਨ ਇੰਜਨੀਅਰ ਬਲਦੇਵ ਸਿੰਘ ਸਰਾ ਨਾਲ ਸਹਿਮਤੀ ਬਣੀ ਹੋਈ ਹੈ। ਸਿੱਟੇ ਵਜੋਂ ਮਨੇਜਮੈਂਟ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸੇ ਕੜੀ ਵਜੋਂ ਸਰਕਲ ਬਰਨਾਲਾ ਦਾ ਧਰਨਾ ਨਿਗਰਾਨ ਇੰਜੀਨੀਅਰ ਵੰਡ ਬਰਨਾਲਾ ਦਫ਼ਤਰ ਅੱਗੇ 6 ਅਕਤੂਬਰ ਨੂੰ ਲਾਇਆ ਜਾਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪੰਜਾਬ ਸਰਕਾਰ ਦੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੰਗਰੂਰ ਰਿਹਾਇਸ਼ ਅੱਗੇ 11 ਅਕਤੂਬਰ ਪੰਜਾਬ ਪੱਧਰ ਦੀ ਇਕੱਤਰਤਾ ਕੀਤੀ ਜਾਵੇਗੀ। ਮੁਲਾਜ਼ਮ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਬਾਰੇ ਸੁੱਤੀ ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਮੇਲਾ ਸਿੰਘ ਕੱਟੂ, ਮੀਤ ਪ੍ਰਧਾਨ ਹਰਬੰਸ ਲਾਲ, ਸਹਾਇਕ ਸਕੱਤਰ ਗੋਬਿੰਦ ਕਾਂਤ, ਵਿੱਤ ਸਕੱਤਰ ਬਹਾਦਰ ਸਿੰਘ ਸੰਘੇੜਾ, ਦਫ਼ਤਰ ਸਕੱਤਰ ਗੌਰੀ ਸ਼ੰਕਰ, ਮੰਡਲ ਪ੍ਰਧਾਨ ਰੂਪ ਚੰਦ ਤਪਾ, ਜਰਨੈਲ ਸਿੰਘ ਪੰਜਗਰਾਈਂ, ਜੱਗਾ ਸਿੰਘ ਧਨੌਲਾ, ਸਕੱਤਰ ਮੋਹਨ ਸਿੰਘ ਛੰਨਾਂ, ਗੁਰਚਰਨ ਸਿੰਘ ਬਰਨਾਲਾ, ਰਤਨ ਸਿੰਘ ਮਲੇਰਕੋਟਲਾ, ਤੀਰਬ ਦਾਸ, ਤਰਸੇਮ ਧਨੌਲਾ ਅਤੇ ਜਗਰਾਜ ਬਾਜਵਾ ਹਾਜ਼ਰ ਸਨ।