ਪਾਵਰਕੌਮ ਵੱਲੋਂ 1329 ਖ਼ਪਤਕਾਰਾਂ ਨੂੰ ਸਾਢੇ ਅੱਠ ਕਰੋੜ ਜੁਰਮਾਨਾ
ਪਾਵਰਕੌਮ ਦੇ ਮਾਲਵਾ ਜ਼ੋਨ ਨਾਲ ਸਬੰਧਤ ਸੱਤ ਜ਼ਿਲ੍ਹਿਆਂ ਵਿੱਚੋਂ ਐਨਫੋਰਸਮੈਂਟ ਟੀਮ ਨੇ ਵੱਖ-ਵੱਖ ਥਾਵਾਂ ’ਤੇ ਛਾਪੇ ਅਤੇ ਚੈਕਿੰਗ ਦੌਰਾਨ 1329 ਖ਼ਪਤਕਾਰਾਂ ਤੋਂ 8.44 ਕਰੋੜ ਰੁਪਏ ਜੁਰਮਾਨੇ ਕੀਤੇ ਹਨ। ਇਸ ਦੌਰਾਨ ਐਨਫੋਰਸਮੈਂਟ ਟੀਮ ਨੇ ਕਈ ਸਥਾਨਾਂ ’ਤੇ ਬਿਜਲੀ ਦੀ ਚੋਰੀ ਹੁੰਦੀ ਰੋਕੀ ਅਤੇ ਕਈ ਜਗ੍ਹਾ ਬਿਜਲੀ ਦੇ ਮਨਜੂਰਸ਼ੂਦਾ ਲੋਡ ਤੋਂ ਵੱਧ ਲੋਡ ਚੱਲਦਾ ਹੋਣ ਕਰ ਕੇ ਖ਼ਪਤਕਾਰਾਂ ਦਾ ਲੋਡ ਵੀ ਠੀਕ ਕਰਵਾਇਆ।
ਐਨਫੋਰਸਮੈਂਟ ਦੇ ਡਿਪਟੀ ਚੀਫ ਜਸਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਪਹਿਲੀ ਅਪਰੈਲ ਤੋਂ 30 ਜੂਨ ਤੱਕ ਉਨ੍ਹਾਂ ਨੇ 2000 ਤੋਂ ਵੱਧ ਖ਼ਪਤਕਾਰਾਂ ਦੇ ਘਰਾਂ, ਛੋਟੇ ਉਦਯੋਗਾਂ ਅਤੇ ਹੋਰ ਸਥਾਨਾਂ ਦੀ ਚੈਕਿੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਬਠਿੰਡਾ ਜ਼ਿਲ੍ਹੇ ਵਿੱਚ 204, ਸ੍ਰੀ ਮੁਕਤਸਰ ਸਾਹਿਬ ਵਿੱਚ 208, ਫ਼ਿਰੋਜ਼ਪੁਰ ਵਿੱਚ 226, ਮੋਗਾ ਵਿੱਚ 222, ਮਾਨਸਾ ਵਿੱਚ 189, ਫ਼ਰੀਦਕੋਟ ਵਿੱਚ 137 ਅਤੇ ਫਾਜ਼ਿਲਕਾ ਵਿੱਚ 143 ਖ਼ਪਤਕਾਰਾਂ ਨੂੰ ਬੇਨਿਯਮੀਆਂ ਕਰ ਕੇ ਪਾਵਰਕੌਮ ਨੂੰ ਚੂਨਾ ਲਗਾਉਂਦੇ ਫੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 1329 ਖ਼ਤਪਕਾਰਾਂ ਨੂੰ 8.44 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਹਨ। ਇਨ੍ਹਾਂ ਵਿੱਚੋਂ ਇਸੇ ਤਮਾਹੀ ਦੌਰਾਨ ਛੇ ਕਰੋੜ ਰੁਪਏ ਦੀ ਵਸੂਲੀ ਵੀ ਕਰ ਲਈ ਹੈ। ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਕਰਨ ਦੀ ਬਜਾਇ ਇਸ ਵਰਤੋਂ ਸੰਜਮ ਨਾਲ ਕਰਨ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ 600 ਯੂਨਿਟ ਮੁਫ਼ਤ ਬਿਜਲੀ ਦਾ ਫ਼ਾਇਦਾ ਵੀ ਉਠਾਉਣ। ਇਸ ਸਮੇਂ ਉਨ੍ਹਾਂ ਨਾਲ ਸੀਨੀਅਰ ਐਕਸੀਅਨ ਮੋਗਾ ਰਕੇਸ਼ ਕੁਮਾਰ ਅਤੇ ਐਕਸੀਅਨ ਕੋਟਕਪੂਰਾ ਹਰਜਿੰਦਰ ਸਿੰਘ ਵੀ ਮੌਜੂਦ ਸਨ।