ਸਿਆਸੀ ਧਿਰਾਂ ਵੱਲੋਂ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਕਮਰ-ਕੱਸੇ
ਸੂਬੇ ’ਚ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸਮਿਤੀ ਚੋਣਾਂ ਲਈ ਭਾਵੇਂ ਤਰੀਕਾਂ ਦਾ ਐਲਾਨ ਨਹੀਂ ਹੋਇਆ ਪਰ ਸਿਆਸੀ ਧਿਰਾਂ ਅਤੇ ਪੰਚਾਇਤ ਵਿਭਾਗ ਨੇ ਕਮਰ ਕੱਸੇ ਕਰ ਲਏ ਹਨ। ਭਾਜਪਾ ਨੇ ਚੋਣ ਨਿਸ਼ਾਨ ਉੱਤੇ ਇਹ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਇਹ ਚੋਣਾਂ ਸਤੰਬਰ 2023 ਵਿੱਚ ਹੋਣੀਆਂ ਸਨ ਪਰ ਹੁਣ ਸੱਤ ਸਾਲ ਬਾਅਦ ਅਕਤੂਬਰ ਮਹੀਨੇ ਦੇ ਪਹਿਲਾਂ ਹਫ਼ਤੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
ਸਥਾਨਕ ਬੀਡੀਪੀਓ ਹਰੀ ਸਿੰਘ ਨੇ ਕਿਹਾ ਕਿ ਤਿਆਰੀਆਂ ਜੰਗੀ ਪੱਧਰ ਉੱਤੇ ਹਨ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸਮਿਤੀ ਜ਼ੋਨਾਂ ਦਾ ਰਾਖਵਾਂਕਰਨ ਲਗਪਗ ਮੁਕੰਮਲ ਹੋ ਗਿਆ ਹੈ। ਧਰਮਕੋਟ ਵਿਧਾਨ ਸਭਾ ਹਲਕੇ’ਚ ਨਵਾਂ ਬਲਾਕ ਧਰਮਕੋਟ ਬਣਨ ਨਾਲ ਬਲਾਕ ਕੋਟ ਈਸੇ ਖਾਂ ਸਣੇ ਗਿਣਤੀ ਦੋ ਹੋ ਗਈ ਹੈ। ਮੋਗਾ 1, 2 ਬਲਾਕ ਨੂੰ ਮਰਜ ਕਰ ਦਿੱਤਾ ਗਿਆ ਹੈ।
ਮਿਸ਼ਨ 2027 ਨੇੜੇ ਹੋਣ ਕਾਰਨ ਇਸ ਵਾਰ ਇਹ ਚੋਣਾਂ ‘ਆਪ’ ਅਤੇ ਵਿਰੋਧੀ ਧਿਰਾਂ ’ਚ ਸਿਰ ਧੜ ਦੀ ਬਾਜੀ ਹੋਵੇਗੀ। ਇਹ ਚੋਣਾਂ ਜਿਥੇ ‘ਆਪ’ ਲਈ ਪਰਖ ਦੀ ਹੋਰ ਘੜੀ ਹੋਣਗੀਆਂ ਉਥੇ, ਭਾਜਪਾ, ਕਾਂਗਰਸ, ਧੜਿਆਂ ’ਚ ਵੰਡੇ ਅਕਾਲੀ ਦਲਾਂ ਲਈ ਵਕਾਰ ਅਤੇ ਹੋਂਦ ਦੀ ਲੜਾਈ ਹੋਵੇਗੀ।
ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ ਸਿੰਘ, ਅਕਾਲੀ ਦਲ (ਬ) ਕੌਮੀ ਪ੍ਰਧਾਨ ਰਾਜਵਿੰਦਰ ਸਿੰਘ ਧਰਮਕੋਟ ਅਤੇ ਕਾਂਗਰਸ ਜ਼ਿਲ੍ਹਾ ਪ੍ਰਧਾਨ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਆਖਿਆ ਕਿ ਪਾਰਟੀ ਚੋਣ ਨਿਸ਼ਾਨ ਉੱਤੇ ਚੋਣਾਂ ਮੈਦਾਨ ਲਈ ਤਿਆਰੀਆਂ ਪੂਰੀਆਂ ਹਨ। ਭਾਜਪਾ ਦੇ ਬੁਲਾਰੇ ਨਿਧੜਕ ਸਿੰਘ ਬਰਾੜ ਨੇ ਕਿਹਾ ਕਿ ਪਿੰਡਾਂ ਵਿਚ ਚੋਣਾਂ ਲਈ ਸਰਗਰਮਰੀਆਂ ਤੇਜ਼ ਕਰ ਦਿੱਤੀਆਂ ਹਨ। ਉੂਨ੍ਹਾਂ ਕਿਹਾ ਕਿ ਇਹ ਚੋਣਾਂ ਲਈ ਸੱਤ ਸਾਲ ਬੀਤ ਜਾਣ ਦੇ ਬਾਵਜੂਦ ਸੂਬਾ ਸਰਕਾਰ ਦੀ ਚੁੱਪ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦੀ ਹੈ।