ਧਾਰਮਿਕ ਸਮਾਗਮ ਲਈ ਸਿਆਸੀ ਧਿਰਾਂ ਨੇ ਸਾਂਝਾ ਸੱਦਾ ਦਿੱਤਾ
ਵਿਸ਼ਾਲ ਸ੍ਰੀ ਰਾਮ ਕਥਾ ਪ੍ਰੋਗਰਾਮ 17 ਤੋਂ 25 ਦਸੰਬਰ ਤੱਕ ਲਾਰਡ ਰਾਮ ਸਕੂਲ ’ਚ
ਇੱਥੇ ਹੋਣ ਵਾਲੇ ਧਾਰਮਿਕ ਸਮਾਗਮ ਦਾ ਸੁਨੇਹਾ ਦੇਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਮੀਡੀਆ ਰਾਹੀਂ ਵੀ ਆਰ ਸੀ ਗਰੁੱਪ ਦੇ ਐੱਮ ਡੀ ਦਰਸ਼ਨ ਗਰਗ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜਨ ਗਰਗ, ਬਠਿੰਡਾ (ਸ਼ਹਿਰੀ) ਹਲਕੇ ਤੋਂ ‘ਆਪ’ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਲੋਕਾਂ ਨੂੰ ਸਮਾਗਮ ਵਿੱਚ ਹਾਜ਼ਰ ਹੋਣ ਦਾ ਸੱਦਾ ਦਿੰਦਿਆਂ ਦੱਸਿਆ ਕਿ ਸ੍ਰੀ ਨਾਰਾਇਣ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ 17 ਤੋਂ 25 ਦਸੰਬਰ ਤੱਕ ਬਠਿੰਡਾ ਦੇ ਹਨੂੰਮਾਨ ਚੌਕ ਵਿੱਚ ਸਥਿਤ ਲਾਰਡ ਰਾਮਾ ਸਕੂਲ ਵਿੱਚ ਵਿਸ਼ਾਲ ਸ੍ਰੀ ਰਾਮ ਕਥਾ ਹੋਵੇਗੀ। ਆਗੂਆਂ ਨੇ ਕਿਹਾ ਕਿ ਇਹ ਸਮਾਗਮ ਸ੍ਰੀ ਵਿਭੂਸ਼ਿਤ ਮਹਾਮੰਡਲੇਸ਼ਵਰ ਸਵਾਮੀ ਸ੍ਰੀ ਪਰਖਰ ਜੀ ਮਹਾਰਾਜ ਦੀ ਹਾਜ਼ਰੀ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜਗਤ ਗੁਰੂ ਸਵਾਮੀ ਡਾ. ਸ੍ਰੀ ਰਾਘਵਾਚਾਰੀਆ ਜੀ ਮਹਾਰਾਜ ਵੱਲੋਂ ਸ੍ਰੀ ਰਾਮ ਕਥਾ ਦਾ ਪਾਠ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਥਾ ਸਥਾਨ ’ਤੇ ਰੋਜ਼ਾਨਾ ਅਧਿਆਤਮਕ ਰਸਮਾਂ, ਭਜਨ-ਕੀਰਤਨ ਅਤੇ ਧਾਰਮਿਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 16 ਦਸੰਬਰ ਨੂੰ ‘ਵਿਸ਼ਾਲ ਕਲਸ਼ ਯਾਤਰਾ’ ਦੁਪਹਿਰ 3 ਵਜੇ ਡਾਕਘਰ ਬਾਜ਼ਾਰ ਸਥਿਤ ਬੰਗਲਾ ਧਰਮਸ਼ਾਲਾ ਤੋਂ ਕੱਢੀ ਜਾਵੇਗੀ ਜਿਸ ਵਿੱਚ 108 ਬੀਬੀਆਂ ਕਲਸ਼ ਚੁੱਕ ਕੇ ਯਾਤਰਾ ਦੀ ਸ਼ੋਭਾ ਵਧਾਉਣਗੀਆਂ। ਇਹ ਯਾਤਰਾ ਮੁੱਖ ਬਾਜ਼ਾਰਾਂ ਵਿੱਚੋਂ ਲੰਘੇਗੀ ਅਤੇ ਲਾਰਡ ਰਾਮਾ ਸਕੂਲ ਵਿੱਚ ਸਮਾਪਤ ਹੋਵੇਗੀ। ਯਾਤਰਾ ਦੌਰਾਨ ਫੁੱਲਾਂ ਦੀ ਵਰਖਾ, ਭਜਨ-ਕੀਰਤਨ ਅਤੇ ਹਨੂੰਮਾਨ ਦੇ ਜਾਪ ਨਾਲ ਮਾਹੌਲ ਭਗਤੀ ਭਰਿਆ ਹੋਵੇਗਾ।
ਉਨ੍ਹਾਂ ਦੱਸਿਆ ਕਿ ਬਾਹਰਲੇ ਸ਼ਹਿਰਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਮੁਫ਼ਤ ਰਿਹਾਇਸ਼ ਅਤੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਾ ਸੁਣਨ ਲਈ ਕੋਈ ਐਂਟਰੀ ਪਾਸ ਨਹੀਂ ਹੈ, ਪਹਿਲਾਂ ਪਹੁੰਚਣ ਵਾਲੇ ਸ਼ਰਧਾਲੂ ਨੂੰ ਅਗਲੀ ਸੀਟ ਮਿਲੇਗੀ। ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ, ਨਗਰ ਨਿਗਮ ਦੇ ਮੇਅਰ ਪਦਮਜੀਤ ਸਿੰਘ ਮਹਿਤਾ, ਵਿਜੈ ਜਿੰਦਲ ਠੇਕੇਦਾਰ, ਸੁਖਦੀਪ ਸਿੰਘ ਢਿੱਲੋਂ, ਅਸ਼ੋਕ ਗਰਗ, ਐੱਮ.ਆਰ. ਜਿੰਦਲ, ਨਰਿੰਦਰ ਬਾਸੀ, ਬਿਮਲ ਮਿੱਤਲ, ਅਨਿਲ ਭੋਲਾ, ਸ਼ਾਮ ਬਿਹਾਰੀ ਗੋਇਲ, ਤਰਸੇਮ ਗਰਗ, ਰਮਨੀਕ ਵਾਲੀਆ, ਰਵਿੰਦਰ ਸਿੰਗਲਾ, ਪੰਕਜ ਡਿੰਪੀ, ਯਸ਼, ਮੋਨੂੰ ਗਰਗ, ਸੁਰਿੰਦਰ ਮੋਹਨ ਭੋਲਾ, ਰਮੇਸ਼ ਬਾਂਸਲ, ਬਲਜੀਤ ਸਿੰਘ, ਵਿਪਨਿੰਦਰ ਸਿੰਘ, ਬੀ. ਰਾਕੇਸ਼ ਕੌਾਸਲਰ, ਰਵੀ ਗਰਗ, ਈਸ਼ਵਰ ਗਰਗ, ਪੰਡਿਤ ਮੁਕੇਸ਼ ਸ਼ਾਸਤਰੀ, ਪ੍ਰਣਵ ਸ਼ੇਰੂ, ਯਸ਼ ਗੱਕੜ, ਗੌਰਵ ਗੋਇਲ, ਸੰਜੀਵ ਸਿੰਗਲਾ ਤੇ ਡਿੰਪਲ ਆਦਿ ਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

