ਜ਼ਿਲ੍ਹਾ ਪਰਿਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਲਈ ਸਿਆਸੀ ਪਾਰਟੀਆਂ ਪੱਬਾਂ ਭਾਰ
ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦੇ ਦਿਹਾਤੀ ਖੇਤਰਾਂ ਵਿੱਚ ਚੋਣ ਸਰਗਰਮੀਆਂ ਜ਼ੋਰਦਾਰ ਢੰਗ ਨਾਲ ਸ਼ੁਰੂ
ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਲਈ ਨਾਮਜ਼ਦਗੀ ਪੱਤਰਾਂ ਦਾ ਦਾਖ਼ਲਾ ਭਲਕੇ ਪਹਿਲੀ ਦਸੰਬਰ ਤੋਂ ਹੋਣ ਕਾਰਨ ਮਾਲਵਾ ਖੇਤਰ ਦੇ ਸਾਰੇ ਜ਼ਿਲ੍ਹਿਆਂ ਦੇ ਦਿਹਾਤੀ ਖੇਤਰਾਂ ਵਿੱਚ ਚੋਣ ਸਰਗਰਮੀਆਂ ਜ਼ੋਰਦਾਰ ਢੰਗ ਨਾਲ ਆਰੰਭ ਹੋ ਗਈਆਂ ਹਨ। ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਜਿੱਤ ਪ੍ਰਾਪਤ ਨੂੰ ਲੈ ਕੇ ਸੱਤਾਧਾਰੀ ਪਾਰਟੀ ਨੇ ਜ਼ੋਰਦਾਰ ਢੰਗ ਨਾਲ ਅੱਜ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਲਈ ਹਿੱਕ ਥਾਪੜ ਦਿੱਤੀ ਹੈ, ਜਦੋਂਕਿ ਸਿਆਸੀ ਗਲਿਆਰੇ ਵਿੱਚ ਹੇਠਾਂ ਡਿੱਗੇ ਹੋਏ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੂਜੀ ਪੁਜ਼ੀਸ਼ਨ ਹਾਸਲ ਕਰਨ ਸਦਕਾ ਪੂਰੇ ਜਲੌਅ ਨਾਲ ਆਪਣੇ ਪਾਰਟੀ ਵਰਕਰਾਂ ਨੂੰ ਜ਼ੋਰਦਾਰ ਢੰਗ ਨਾਲ ਜਿੱਤ ਹਾਸਲ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਣ ਲੱਗੀ ਹੈ। ਵਿਰੋਧੀ ਧਿਰ ਕਾਂਗਰਸ ਪਾਰਟੀ ਅਤੇ ਭਾਜਪਾ ਵੱਲੋਂ ਪੰਜਾਬ ਵਿੱਚ ਤਕੜੇ ਹੋ ਕੇ ਆਪਣੇ ਉਮੀਦਵਾਰਾਂ ਨੂੰ ਚੋਣ ਅਖਾੜੇ ਵਿੱਚ ਉਤਾਰਿਆ ਜਾ ਰਿਹਾ ਹੈ। ਪੰਜਾਬ ਵਿੱਚ ਪਹਿਲੀ ਵਾਰ ਚਾਰ ਵੱਡੀਆਂ ਸਿਆਸੀ ਪਾਰਟੀਆਂ, ਇਨ੍ਹਾਂ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਵਿੱਚ ਜਿੱਤਾਂ ਹਾਸਲ ਕਰਨ ਲਈ ਸਰਗਰਮ ਹੋ ਗਈਆਂ ਹਨ ਅਤੇ ਉਹ ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ-2027 ਦਾ ਮਿਸ਼ਨ ਮੰਨ ਕੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਨ ਲਈ ਜੁੱਟੀ ਗਈਆਂ ਹਨ।
ਮਾਨਸਾ ਜ਼ਿਲ੍ਹੇ ਵਿੱਚ ਅੱਜ ਸੱਤਾਧਾਰੀ ‘ਆਪ’ ਦੇ ਸਰਦੂਲਗੜ੍ਹ ਤੋਂ ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ, ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਅਤੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਸਾਰਾ ਦਿਨ ਆਪਣੇ ਉਮੀਦਵਾਰਾਂ ਦੀ ਚੋਣ ਲਈ ਮੀਟਿੰਗਾਂ ਕਰਨ ਦੇ ਸਿਲਸਿਲੇ ਵਿੱਚ ਰੁੱਝੇ ਰਹੇ। ਉਨ੍ਹਾਂ ਦੇ ਹੌਸਲੇ ਪਿੰਡਾਂ ਵਿੱਚ ਪਾਰਟੀ ਦੀਆਂ ਵੱਧ ਜਿੱਤੀਆਂ ਪੰਚਾਇਤਾਂ ਅਤੇ ਪਾਰਟੀ ਵਰਕਰਾਂ ਦੀ ਵਧੀ ਹੋਈ ਗਿਣਤੀ ਤੋਂ ਬੇਹੱਦ ਬੁਲੰਦ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਖੁੱਸੀ ਹੋਈ ਤਾਕਤ ਨੂੰ ਮੁੜ ਹਾਸਲ ਕਰਨ ਲਈ ਪਹਿਲੀ ਵਾਰ ਜ਼ੋਰਦਾਰ ਹੰਭਲੇ ਨਾਲ ਉਮੀਦਵਾਰਾਂ ਮੈਦਾਨ ਵਿੱਚ ਉਤਾਰਨ ਲਈ ਪਿੰਡਾਂ ਵਿੱਚ ਸਾਰਾ ਦਿਨ ਅੱਜ ਸਰਗਰਮੀਆਂ ਦਾ ਦੌਰ ਚੱਲਦਾ ਰਿਹਾ। ਪਾਰਟੀ ਦੇ ਸੀਨੀਅਰ ਨੇਤਾ ਬਲਵਿੰਦਰ ਸਿੰਘ ਭੂੰਦੜ, ਦਿਲਰਾਜ ਸਿੰਘ ਭੂੰਦੜ, ਪ੍ਰੇਮ ਅਰੋੜਾ ਅਤੇ ਡਾ. ਨਿਸ਼ਾਨ ਸਿੰਘ ਆਪਣੀ 2027 ਦੀਆਂ ਵਿਧਾਨ ਸਭਾ ਵਿੱਚ ਚੰਗੀ ਪੁਜੀਸ਼ਨ ਪ੍ਰਾਪਤ ਕਰਨ ਲਈ ਹੁਣ ਪੱਬਾਂ ਭਾਰ ਹੋ ਕੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਖੜ੍ਹੇ ਕਰਨ ਲਈ ਵੱਡੀ ਦਿਲਚਸਪੀ ਵਿਖਾ ਰਹੇ ਹਨ। ਅਕਾਲੀ ਵਰਕਰ ਇਸ ਵਾਰ ਇਨ੍ਹਾਂ ਚੋਣਾਂ ਵਿੱਚ ਕੁੱਝ ਵੱਖਰਾ ਕਰਕੇ ਵਿਖਾਉਣ ਲਈ ਆਪਣੇ ਨੇਤਾਵਾਂ ਨੂੰ ਭਰੋਸਾ ਦਿਵਾਉਣ ਲੱਗੇ ਹਨ।
ਧੜਿਆਂ ਵਿੱਚ ਵੰਡੀ ਪਈ ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਨੂੰ ਤਕੜੇ ਹੋ ਕੇ ਮੈਦਾਨ ਵਿੱਚ ਡੱਟਣ ਲਈ ਤਿਆਰ ਕੀਤਾ ਜਾ ਰਿਹਾ ਹੈ। ਅੱਜ ਜ਼ਿਲ੍ਹਾ ਪਰਿਸ਼ਦ ਦੇ ਸਾਬਕਾ ਚੇਅਰਮੈਨ ਬਿਕਰਮ ਸਿੰਘ ਮੋਫ਼ਰ ਨੇ ਆਪਣੇ ਘਰ ਮੋਫ਼ਰ ਵਿੱਚ ਕਾਂਗਰਸ ਵਰਕਰਾਂ ਦੀ ਮੀਟਿੰਗ ਬੁਲਾ ਕੇ ਚੋਣਾਂ ਵਿੱਚ ਤਕੜੇ ਹੋ ਕੇ ਭਾਗ ਲੈਣ ਦਾ ਸੱਦਾ ਦਿੱਤਾ ਹੈ। ਪਾਰਟੀ ਵੱਲੋਂ ਮਾਨਸਾ ’ਚ ਮਾਈਕਲ ਗਾਗੋਵਾਲ, ਬਲਕੌਰ ਸਿੰਘ ਮੂਸਾ ਅਤੇ ਬੁਢਲਾਡਾ ਵਿੱਚ ਡਾ. ਰਣਵੀਰ ਕੌਰ ਮੀਆਂ ਸਰਗਰਮੀ ਨਾਲ ਕਾਂਗਰਸੀ ਵਰਕਰਾਂ ਨੂੰ ਮੈਦਾਨ ਵਿੱਚ ਤਿਆਰ ਕਰਨ ਲਈ ਰੁੱਝੇ ਹੋਏ ਹਨ।
ਉਧਰ, ਭਾਜਪਾ ਵੱਲੋਂ ਪਹਿਲੀ ਵਾਰ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ’ਚ ਚੋਣਾਂ ਵਿੱਚ ਜ਼ੋਰਦਾਰ ਢੰਗ ਨਾਲ ਉਮੀਦਵਾਰ ਉਤਾਰਨ ਲਈ ਸਰਗਰਮੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਭਾਜਪਾ ਵੱਲੋਂ ਭਲਕੇ ਪਹਿਲੀ ਦਸੰਬਰ ਨੂੰ ਮਾਨਸਾ ਵਿੱਚ ਪਾਰਟੀ ਦਫ਼ਤਰ ਵਿੱਚ ਜ਼ਿਲ੍ਹਾ ਇੰਚਾਰਜ ਜਗਦੀਪ ਸਿੰਘ ਨਕੱਈ ਦੀ ਅਗਵਾਈ ਹੇਠ ਵਰਕਰਾਂ ਦਾ ਇਕੱਠ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ।

