ਨਸ਼ਾ ਤੇ ਅਸਲਾ ਦੀ ਤਸਕਰੀ ਦੇ ਦੋਸ਼ਾਂ ’ਚ ਘਿਰੇ ਪੁਲੀਸ ਮੁਲਾਜ਼ਮ ਨੂੰ ਮਿਲੇਗਾ ਮੁੱਖ ਮੰਤਰੀ ਸਨਮਾਨ
ਫ਼ਰੀਦਕੋਟ ਵਿੱਚ ਸੁਤੰਤਰਤਾ ਦਿਵਸ ’ਤੇ ਸੂਬਾ ਪੱਧਰੀ ਸਮਾਗਮ ਵਿੱਚ ਜ਼ਿਲ੍ਹਾ ਪੁਲੀਸ ਨੇ ਇੱਕ ਅਜਿਹੇ ਪੁਲਿਸ ਮੁਲਾਜ਼ਮ ਦਾ ਨਾਮ ਮੁੱਖ ਮੰਤਰੀ ਸਨਮਾਨ ਨੂੰ ਭੇਜਿਆ ਹੋਇਆ ਹੈ ਜਿਸ ਉੱਪਰ ਕਥਿਤ ਤੌਰ ’ਤੇ ਨਸ਼ੇ ਅਤੇ ਅਸਲਾ ਤਸਕਰੀ ਦੇ ਕੰਮ ਕਰਨ ਵਾਲੇ ਗਰੋਹ ਨਾਲ ਸਬੰਧ ਦੱਸੇ ਜਾ ਰਹੇ ਹਨ। ਸੂਚਨਾ ਅਨੁਸਾਰ ਡੀਜੀਪੀ ਪੰਜਾਬ ਨੇ ਪੱਤਰ ਨੰਬਰ 1167 ਜਾਰੀ ਕਰਕੇ ਜ਼ਿਲ੍ਹਾ ਪੁਲੀਸ ਨੂੰ ਸੂਚਿਤ ਕੀਤਾ ਸੀ ਕਿ ਉਸ ਦੀ ਖੁਫੀਆ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਸੀਆਈਏ ਸਟਾਫ ਵਿੱਚ ਤਾਇਨਾਤ ਸੀਨੀਅਰ ਸਿਪਾਹੀ ਕਥਿਤ ਤੌਰ ’ਤੇ ਹੈਰੋਇਨ ਅਤੇ ਅਸਲੇ ਦੀ ਤਸਕਰੀ ਕਰ ਰਹੇ ਸਮਗਲਰਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਇਸ ਉੱਪਰ ਕਰੜੀ ਨਜ਼ਰ ਰੱਖੀ ਜਾਵੇ। ਪ੍ਰੰਤੂ ਜ਼ਿਲ੍ਹਾ ਪੁਲੀਸ ਨੇ ਡੀਜੀਪੀ ਦੀ ਇਹ ਸੂਚਨਾ ਨੂੰ ਦਰਕਿਨਾਰ ਕਰਦਿਆਂ ਸੀ.ਆਈ.ਏ ਸਟਾਫ ਵਿੱਚ ਤਾਇਨਾਤ ਆਪਣੇ ਸੀਨੀਅਰ ਸਿਪਾਹੀ ਨੂੰ 15 ਅਗਸਤ ‘ਤੇ ਸਨਮਾਨਿਤ ਕਰਨ ਲਈ ਉਸ ਦਾ ਨਾਮ ਲਿਸਟ ਵਿੱਚ ਪਾਇਆ ਹੈ ਅਤੇ ਇਸ ਲਿਸਟ ਨੂੰ ਫਾਈਨਲ ਵੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ 15 ਅਗਸਤ ਨੂੰ ਫਰੀਦਕੋਟ ਵਿੱਚ ਸੁਤੰਤਰਤਾ ਦਿਵਸ ਦੇ ਸੂਬਾ ਪੱਧਰੀ ਸਮਾਗਮ ਦੀ ਪ੍ਰਧਾਨਗੀ ਲਈ ਆ ਰਹੇ ਹਨ। ਜ਼ਿਲ੍ਹਾ ਪੁਲੀਸ ਮੁਖੀ ਪ੍ਰਗਿਆ ਜੈਨ ਨੇ ਇਸ ਮਾਮਲੇ ‘ਤੇ ਕਿਸੇ ਵੀ ਤਰ੍ਹਾਂ ਦੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਜਾਣਕਾਰੀ ਅਨੁਸਾਰ ਜਿਸ ਵਿਵਾਦਤ ਪੁਲੀਸ ਅਫ਼ਸਰ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਊਹ ਨਸ਼ਿਆਂ ਵਿਰੁੱਧ ਯੁੱਧ ਮੁਹਿੰਮ ਦੀ ਅਗਵਾਈ ਵੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਪੁਲੀਸ ਫਰੀਦਕੋਟ ਦੇ ਦੋ ਅਜਿਹੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ’ਤੇ ਡੀਜਪੀ ਦਫ਼ਤਰ ਦੀ ਨਿਗ੍ਹਾ ਸੀ। ਉਹ ਫਰੀਦਕੋਟ ਜ਼ਿਲ੍ਹੇ ’ਚ ਅਹਿਮ ਥਾਵਾਂ ’ਤੇ ਤਾਇਨਾਤ ਸਨ।