ਪੁਲੀਸ ਨੇ ਮੁੜ ਨਾ ਲੱਗਣ ਦਿੱਤੇ ਭਾਜਪਾ ਦੇ ਸੁਵਿਧਾ ਕੈਂਪ
ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਲਈ ਲੋਕਾਂ ਨੂੰ ਕਾਰਡ ਬਣਾ ਕੇ ਦੇਣ ਅਤੇ ਜਾਣਕਾਰੀ ਦੇਣ ਲਈ ਸਰਦੂਲਗੜ੍ਹ ਵਿੱਚ ਭਾਜਪਾ ਵਰਕਰਾਂ ਵੱਲੋਂ ਜ਼ਿਲ੍ਹਾ ਪੱਧਰੀ ਕੈਂਪ ਲਾਇਆ ਗਿਆ ਸੀ। ਇਸ ਕੈਂਪ ਵਿੱਚ ਸ਼ਾਮਲ ਹੋਣ ਜਾ ਰਹੇ ਭਾਜਪਾ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਅਮਰਿੰਦਰ ਸਿੰਘ ਦਾਤੇਵਾਸ ਅਤੇ ਯੂਥ ਆਗੂ ਅਮਨਦੀਪ ਗੁਰੂ ਨੂੰ ਪੁਲੀਸ ਨੇ ਰਸਤੇ ਵਿੱਚ ਗੱਡੀਆਂ ਨਾਲ ਘੇਰ ਕੇ ਹਿਰਾਸਤ ਵਿੱਚ ਲੈ ਲਿਆ ਅਤੇ ਦੁਪਹਿਰ ਤੱਕ ਥਾਣੇ ਵਿੱਚ ਰੱਖਿਆ। ਦੁਪਹਿਰ ਬਾਅਦ ਥਾਣੇ ’ਚੋਂ ਰਿਹਾਅ ਹੋਣ ਮਗਰੋਂ ਗੱਲਬਾਤ ਕਰਦਿਆਂ ਭਾਜਪਾ ਆਗੂ ਅਮਰਿੰਦਰ ਸਿੰਘ ਦਾਤੇਵਾਸ ਅਤੇ ਅਮਨਦੀਪ ਗੁਰੂ ਨੇ ਕਿਹਾ ਕਿ ਭਾਜਪਾ ਵਰਕਰਾਂ ਵੱਲੋਂ ਲੋਕਾਂ ਨੂੰ ਕੇਂਦਰ ਦੀਆਂ ਸਕੀਮਾਂ ਦੱਸੇ ਜਾਣਾ ਪੰਜਾਬ ਸਰਕਾਰ ਨੂੰ ਹਜ਼ਮ ਨਹੀਂ ਹੋ ਰਿਹਾ। ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਨਕੱਈ ਨੇ ਵੱਖਰੇ ਤੌਰ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਇਕੱਲਿਆ ਚੋਣ ਲੜਕੇ ਪੰਜਾਬ ਵਿੱਚ ਨਿਰੋਲ ਆਪਣੀ ਸਰਕਾਰ ਬਣਾਵੇਗੀ।
ਮਹਿਲ ਕਲਾਂ (ਲਖਵੀਰ ਸਿੰਘ ਚੀਮਾ): ਭਾਜਪਾ ਦੇ ਕੈਂਪ ਨੂੰ ਅੱਜ ਮੁੜ ਪੁਲੀਸ ਪ੍ਰਸਾਸ਼ਨ ਨੇ ਅਸਫ਼ਲ ਕਰ ਦਿੱਤਾ। ਮਹਿਲ ਕਲਾਂ ਵਿੱਚ ਅੱਜ ਇਸ ਕੈਂਪ ਨੂੰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਭਾਜਪਾ ਦੀ ਹਲਕਾ ਇੰਚਾਰਜ ਸਮੇਤ 4 ਪਾਰਟੀ ਆਗੂਆਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ, ਜਿਨ੍ਹਾਂ ਦਾ ਸਾਰਾ ਦਿਨ ਕੋਈ ਥਹੁ ਪਤਾ ਵੀ ਨਹੀਂ ਲੱਗਣ ਦਿੱਤਾ ਗਿਆ, ਜਦਕਿ ਦੇਰ ਸ਼ਾਮ ਇਨ੍ਹਾਂ ਨੂੰ ਛੱਡ ਦਿੱਤਾ ਗਿਆ। ਜਾਣਕਾਰੀ ਅਨੁਸਾਰ ਭਾਜਪਾ ਵਲੋਂ ਕੇਂਦਰੀ ਸਕੀਮਾਂ ਨੂੰ ਲੈ ਕੇ ਅੱਜ ਮਹਿਲ ਕਾਂ ਦੀ ਇੱਕ ਧਰਮਸ਼ਾਲਾ ਵਿੱਚ ਕੈਂਪ ਲਗਾਇਆ ਜਾਣਾ ਸੀ। ਜਿਸਦੇ ਪ੍ਰਬੰਧਾਂ ਵਿੱਚ ਜੁਟੇ ਬਲਾਕ ਪ੍ਰਧਾਨ ਸੁਰਿੰਦਰ ਕਾਲਾ ਅਤੇ ਸਾਬਕਾ ਸਰਪੰਚ ਮਹਿਲ ਖ਼ੁਰਦ ਬਲਦੀਪ ਸਿੰਘ ਨੂੰ ਪੁਲੀਸ ਨੇ ਕੈਂਪ ਵਾਲੀ ਜਗ੍ਹਾ ਤੋਂ ਹਿਰਾਸਤ ਵਿੱਚ ਲੈ ਲਿਆ। ਜਦਕਿ ਦੋ ਹੋਰ ਆਗੂਆਂ ਕੁਲਦੀਪ ਮਿੱਤਲ ਅਤੇ ਪਰਮਜੀਤ ਸਿੰਘ ਕ੍ਰਿਪਾਲ ਸਿੰਘ ਵਾਲਾ ਨੂੰ ਰਸਤੇ ਵਿੱਚੋਂ ਕਾਬੂ ਕੀਤਾ ਗਿਆ। ਇਸਤੋਂ ਇਲਾਵਾ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਬੀਬੀ ਹਰਚੰਦ ਕੌਰ ਘਨੌਰੀ ਨੂੰ ਪਿੰਡ ਮਨਾਲ ਨੇੜੇ ਤੋਂ ਵੱਡੀ ਗਿਣਤੀ ਵਿੱਚ ਪੁਲੀਸ ਫ਼ੋਰਸ ਨੇ ਘੇਰਾ ਪਾ ਕੇ ਹਿਰਾਸਤ ਵਿੱਚ ਲੈ ਲਿਆ।
ਬੀਬੀ ਘਨੌਰੀ ਨੇ ਦੱਸਿਆ ਕਿ ਉਸ ਨੂੰ ਗੰਨਮੈਨ ਤੇ ਪੀਏ ਸਮੇਤ ਪੁਲੀਸ ਨੇ ਹਿਰਾਸਤ ਵਿੱਚ ਲੈ ਕੇ ਮੋਬਾਇਲ ਫ਼ੋਨ ਵੀ ਫ਼ੜ ਲਏ ਅਤੇ ਧਨੌਲਾ ਨੇੜੇ ਰਜਵਾੜਾ ਢਾਬੇ ਵਿੱਚ ਸ਼ਾਮ ਤੱਕ ਨਜ਼ਰਬੰਦ ਰੱਖਿਆ ਗਿਆ ਅਤੇ ਕਰੀਬ 5 ਵਜੇ ਛੱਡਿਆ ਗਿਆ। ਇਸੇ ਤਰ੍ਹਾਂ ਭਾਜਪਾ ਜਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਦੱਸਿਆ ਕਿ ਮਹਿਲ ਕਲਾਂ ਤੋਂ ਹਿਰਾਸਤ ਵਿੱਚ ਲਏ ਆਗੂਆਂ ਨੂੰ ਪੁਲੀਸ ਥਾਣਾ ਰੂੜੇਕੇ ਕਲਾਂ ਵਿਖੇ ਲਿਜਾਇਆ ਗਿਆ ਅਤੇ ਸ਼ਾਮ ਸਮੇਂ ਰਿਹਾਅ ਕੀਤਾ।
ਮੁਕਤਸਰ ’ਚ 30 ਭਾਜਪਾ ਆਗੂ ਹਿਰਾਸਤ ਵਿਚ ਲਏ
ਸ੍ਰੀ ਮੁਕਤਸਰ ਸਾਹਿਬ/ਮਲੋਟ (ਗੁਰਸੇਵਕ ਸਿੰਘ ਪ੍ਰੀਤ/ਲਖਵਿੰਦਰ ਸਿੰਘ): ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਭਾਜਪਾ ਵੱਲੋਂ ਪਿੰਡ ਲੱਕੜਵਾਲਾ ’ਚ ਸਵੇਰੇ ਵਿੱਚ ਲਾਏ ਕੈਂਪ ਬੰਦ ਨੂੰ ਪੁਲੀਸ ਨੇ ਬੰਦ ਕਰਵਾ ਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਸਮੇਤ ਲਗਪਗ 30 ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਪੁਲੀਸ ਪਹਿਲਾਂ ਸਾਰੇ ਵਰਕਰਾਂ ਨੂੰ ਮਲੋਟ ਸਦਰ ਥਾਣੇ ਲੈ ਗਈ, ਜਿੱਥੋਂ ਉਨ੍ਹਾਂ ਨੂੰ ਰੁਪਾਣਾ ਥਾਣੇ ਲਿਜਾਇਆ ਗਿਆ ਅਤੇ ਲਗਪਗ ਤਿੰਨ ਘੰਟੇ ਲਈ ਹਿਰਾਸਤ ’ਚ ਰੱਖਿਆ ਗਿਆ। ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ, ਸਾਰੇ ਆਗੂ ਅਤੇ ਵਰਕਰ ਅਬੋਹਰ ਰੋਡ ’ਤੇ ਪਹੁੰਚੇ ਜਿੱਥੇ ਗੋਰਾ ਪਠੇਲਾ ਦੀ ਅਗਵਾਈ ਹੇਠ ਉਨ੍ਹਾਂ ਨੇ ‘ਆਪ’ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ ਅਤੇ ਆਪਣਾ ਗੁੱਸਾ ਕੱਢਿਆ। ਆਗੂਆਂ ਵੱਲੋਂ ‘ਭਾਜਪਾ ਦੇ ਸੇਵਾਦਾਰ ਆ ਗਏ ਤੁਹਾਡੇ ਦੁਆਰ’ ਮੁਹਿੰਮ ਤਹਿਤ ਕੈਂਪ ਲਗਾਏ ਜਾ ਰਹੇ ਹਨ। ਇਸ ’ਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਜਨਤਕ ਯੋਜਨਾਵਾਂ ਲਈ ਲੋਕਾਂ ਦੇ ਫਾਰਮ ਭਰ ਰਹੇ ਹਨ ਅਤੇ ਮੌਕੇ ’ਤੇ ਹੀ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਧੱਕੇਸ਼ਾਹੀ ਅੱਗੇ ਨਹੀਂ ਝੁਕਣਗੇ।