ਗੁਰੂ ਤੇਗ ਬਹਾਦਰ ਦੀ ਸ਼ਹਾਦਤ ਨੂੰ ਸਮਰਪਿਤ ‘ਬੂਟੇ ਲਾਓ’ ਮੁਹਿੰਮ ਸ਼ੁਰੂ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੇਦਾਂਤਾ ਪਾਵਰ ਦੀ ਇਕਾਈ ਤਲਵੰਡੀ ਸਾਬੋ ਪਾਵਰ ਲਿਮਟਡ (ਟੀਐੱਸਪੀਐੱਲ) ਵਿਖੇ ਜੰਗਲਾਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਬੂਟੇ ਲਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਮੁਹਿੰਮ ਦੀ ਸ਼ੁਰੂਆਤ ਬਣਾਂਵਾਲਾ ਸਥਿਤ ਟੀਐੱਸਪੀਐੱਲ ਦੇ ਕੈਂਪਸ ਤੋਂ ਹੋਈ, ਜੋ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਨਿੱਜੀ ਤਾਪਘਰ ਹੈ। ਬੂਟੇ ਲਾਉਣ ਦੀ ਸ਼ੁਰੂਆਤ ਜ਼ਿਲ੍ਹਾ ਮਾਨਸਾ ਦੇ ਡਿਵੀਜ਼ਨਲ ਜੰਗਲਾਤ ਅਧਿਕਾਰੀ ਪਵਨ ਸ਼੍ਰੀਧਰ ਵੱਲੋਂ ਕੀਤੀ ਗਈ, ਜਿਨ੍ਹਾਂ ਨਾਲ ਤਾਪਘਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਪੰਕਜ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
ਜੰਗਲਤ ਅਫ਼ਸਰ ਪਵਨ ਸ੍ਰੀਧਰ ਨੇ ਇਸ ਤਾਪਘਰ ਵੱਲੋਂ ਵਾਤਾਵਰਨ ਸੁਰੱਖਿਆ ਲਈ ਕੀਤੇ ਜਾ ਰਹੇ ਲਗਾਤਾਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਾਪਘਰ ਵਿੱਚ ਬਣੀ ਲਗਭਗ 1,000 ਏਕੜ ਦੀ ਗ੍ਰੀਨ ਬੈਲਟ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤਾਪਘਰ ਵਿੱਚ 30 ਅਕਤੂਬਰ, 2015 ਨੂੰ 210 ਏਕੜ ਰਕਬੇ ਵਿੱਚ 13 ਕਿਸਮਾਂ ਦੇ 2 ਲੱਖ 8751 ਬੂਟੇ, 5928 ਨੌਜਵਾਨਾਂ ਵੱਲੋਂ 53 ਮਿੰਟਾਂ ਵਿੱਚ ਲਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ, ਜਿਸ ਦਾ ਗਿਨੀਜ਼ ਬੁੱਕ ਵਿੱਚ ਬਕਾਇਦਾ ਰਿਕਾਰਡ ਦਰਜ ਹੈ।
ਉਨ੍ਹਾਂ ਦੱਸਿਆ ਕਿ 350ਵੀਂ ਸ਼ਹਾਦਤ ਦੀ ਪ੍ਰਤੀਕਾਤਮਕ ਭਾਵਨਾ ਦੇ ਤਹਿਤ ਜ਼ਿਲ੍ਹੇ ਅੰਦਰ 3.5 ਲੱਖ ਬੂਟੇ ਲਗਾਏ ਜਾਣਗੇ ਅਤੇ ਇਨ੍ਹਾਂ ਰੁੱਖਾਂ ਵਿੱਚ ਬੋਹੜ, ਪਿੱਪਲ਼ ਅਤੇ ਨਿੰਮ ਮੁੱਖ ਰੂਪ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਇਸ ਮੁਹਿੰਮ ਦਾ ਹਿੱਸਾ ਬਣਕੇ ਵੇਦਾਂਤਾ ਪਾਵਰ ਦੀ ਵਾਤਾਵਰਨ ਅਤੇ ਸਮਾਜਿਕ ਰਣਨੀਤੀ ਦੇ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਹੈ। ਇਸ ਮੌਕੇ ਸਮੀਤਾ, ਦਲਜੀਤ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ, ਹਰਮੇਲ ਸਿੰਘ ਤੇ ਜਸਪਾਲ ਸਿੰਘ ਵੀ ਮੌਜੂਦ ਸਨ।