ਪਾਈਪ ਲਾਈਨ ਰੇੜਕਾ: ਕੋਟਭਾਈ ਵਾਸੀਆਂ ਵੱਲੋਂ ਥਾਣੇ ਅੱਗੇ ਮੁਜ਼ਾਹਰਾ
ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਕੋਟਭਾਈ ਦੀ ਪੁਲੀਸ ਵੱਲੋਂ ਪਿੰਡ ਦੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਵੱਡੀ ਗਿਣਤੀ ਲੋਕਾਂ ਨੇ ਥਾਣਾ ਕੋਟਭਾਈ ਅੱਗੇ ਧਰਨਾ ਦਿੱਤਾ ਅਤੇ ਬੀਡੀਪੀਓ, ਗ੍ਰਾਮ ਪੰਚਾਇਤ, ਪੰਚਾਇਤ ਸਕੱਤਰ ਅਤੇ ਪੁਲੀਸ ਵਿਰੁੱਧ ਨਾਰੇਬਾਜ਼ੀ ਕੀਤੀ। ਥਾਣਾ ਕੋਟਭਾਈ ਪੁਲੀਸ ਨੇ ਬੀਡੀਪੀਓ ਗਿੱਦੜਬਾਹਾ ਦੇ ਬਿਆਨਾਂ ਤੇ ਪਿੰਡ ਕੋਟਭਾਈ ਦੇ ਇੱਕ ਵਿਅਕਤੀ ਵਿਰੁੱਧ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪਿੰਡ ਵਾਸੀ ਗੋਰਾ ਸਿੰਘ, ਪ੍ਰਕਾਸ਼ ਸਿੰਘ ਤੇ ਜੋਗਿੰਦਰ ਸਿੰਘ ਆਦਿ ਨੇ ਦੱਸਿਆ ਕਿ ਉਹ ਮਜ਼ਦੂਰੀ ਕਰਦੇ ਹਨ ਅਤੇ ਉਨ੍ਹਾਂ ਦੇ ਘਰਾਂ ਦੇ ਪਾਸ ਇੱਕ ਛੱਪੜ ਹੈ, ਜਿਸ ਵਿੱਚ ਪਹਿਲਾਂ ਹੀ ਪਾਣੀ ਬਹੁਤ ਹੈ ਪਰ ਪੰਚਾਇਤ ਧੱਕੇ ਨਾਲ ਪਾਈਪਲਾਈਨ ਪਾ ਕੇ ਇਕ ਹੋਰ ਛੱਪੜ ਵਿੱਚੋਂ ਪਾਣੀ ਉਨ੍ਹਾਂ ਦੇ ਘਰਾਂ ਨੇੜਲੇ ਛੱਪੜ ਵਿੱਚ ਪਾਉਣਾ ਚਾਹੁੰਦੀ ਹੈ। ਅਜਿਹਾ ਹੋਣ ਕਾਰਨ ਉਨ੍ਹਾਂ ਦੇ ਘਰ ’ਚ ਪਾਣੀ ਆਉਣ ਦਾ ਖਤਰਾ ਹੈ ਅਤੇ ਉਨ੍ਹਾਂ ਪੰਚਾਇਤ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ ’ਤੇ ਪੁਲੀਸ ਉਨ੍ਹਾਂ ਦੇ ਇਕ ਸਾਥੀ ਗੁਰਚਰਨ ਸਿੰਘ ਨੂੰ ਥਾਣਾ ਵਿਖੇ ਲੈ ਗਈ। ਹਾਲਾਂਕਿ ਧਰਨਾਕਾਰੀਆਂ ਨੇ ਪੁਲੀਸ ਦੇ ਭਰੋਸੇ ਤੋਂ ਬਾਅਦ ਬੀਤੀ ਦੇਰ ਰਾਤ ਧਰਨਾ ਸਮਾਪਤ ਕਰ ਦਿੱਤਾ। ਦੂਜੇ ਪਾਸੇ ਥਾਣਾ ਕੋਟਭਾਈ ਪੁਲੀਸ ਨੂੰ ਦਿੱਤੇ ਬਿਆਨ ਵਿਚ ਬੀਡੀਪੀਓ ਗਿੱਦੜਬਾਹਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਕੋਟਭਾਈ ਅਤੇ ਉਨ੍ਹਾਂ ਦੇ ਦਫ਼ਤਰ ਦੇ ਕਰਮਚਾਰੀ ਜਦੋਂ ਮੋਧੇ ਵਾਲੇ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰਵਾਉਣ ਗਏ ਤਾਂ ਕੁਝ ਵਿਅਕਤੀਆਂ ਨੇ ਪਾਇਪਲਾਈਨ ਦਾ ਕੰਮ ਰੋਕਿਆ ਅਤੇ ਕਰਮਚਾਰੀਆਂ ਨਾਲ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ। ਪੁਲੀਸ ਨੇ ਬੀਡੀਪੀਓ ਗਿੱਦੜਬਾਹਾ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਚਰਨਜੀਤ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।