ਮਾੜੇ ਸੀਵਰੇਜ ਪ੍ਰਬੰਧਾਂ ਤੋਂ ਦੁਖੀ ਲੋਕਾਂ ਵੱਲੋਂ ਆਵਾਜਾਈ ਠੱਪ
ਅਧਿਕਾਰੀਆਂ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ; ਜਾਮ ਵਿੱਚ ਫਸੇ ਵਾਹਨ
ਮੁਕਤਸਰ ਸ਼ਹਿਰ ਵਿੱਚ ਸੀਵਰੇਜ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਰੋਸ ਦੀ ਲੜੀ ਤਹਿਤ ਲੋਕਾਂ ਨੇ ਅੱਜ ਮੁਕਤਸਰ-ਕੋਟਕਪੂਰਾ ਮੁੱਖ ਸੜਕ ’ਤੇ ਆਵਾਜਾਈ ਠੱਪ ਕਰਕੇ ਰੋਸ ਜ਼ਾਹਿਰ ਕੀਤਾ। ਮੁਜ਼ਾਹਰੇ ਦੀ ਅਗਵਾਈ ਕਰਦਿਆਂ ਧੱਕੜ ਸਿੰਘ ਸਰਪੰਚ, ਰਾਮਦਿੱਤਾ ਸਿੰਘ, ਪ੍ਰਧਾਨ ਸੁਖਚੈਨ ਸਿੰਘ, ਕਾਰਜ ਸਿੰਘ ਚੜੇਵਾਨ, ਭਿੰਦਰ ਸਿੰਘ ਆਦਿ ਨੇ ਦੱਸਿਆ ਕਿ ਮਾਡਲ ਟਾਊਨ, ਅੰਬੇਡਕਰ ਨਗਰ, ਪੁੱਡਾ ਕਲੋਨੀ ਆਦਿ ਖੇਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਸਪਲਾਈ ਠੱਪ ਹੈ। ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਖਾਲੀ ਪਲਾਟਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ। ਇਹ ਗੰਦਾ ਪਾਣੀ ਦੋ-ਦੋ ਤਿੰਨ-ਤਿੰਨ ਫੁੱਟ ਤੱਕ ਭਰਿਆ ਹੋਇਆ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਜਮ੍ਹਾਂ ਹੈ। ਇਸ ਕਰਕੇ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਅਧਿਕਾਰੀਆਂ ਅਤੇ ਵਿਧਾਇਕ ਤੱਕ ਮਸਲਾ ਪਹੁੰਚਾ ਚੁੱਕੇ ਹਨ ਪਰ ਕੋਈ ਹੱਲ ਨਹੀਂ ਹੋਇਆ। ਇਸ ਕਰਕੇ ਉਨ੍ਹਾਂ ਨੂੰ ਧਰਨਾ ਲਾਉਣਾ ਪਿਆ। ਇਸ ਮੌਕੇ ਲੋਕਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਧਰਨੇ ਕਰਕੇ ਸੜਕਾਂ ਉਪਰ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਰੀਬ ਦੋ ਘੰਟੇ ਚੱਲੇ ਰੋਸ ਮੁਜ਼ਾਹਰੇ ਤੋਂ ਬਾਅਦ ਪੁਲੀਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਕਿ ਸੀਵਰੇਜ ਦੀ ਸਮੱਸਿਆ ਦਾ ਜਲਦੀ ਹੱਲ ਕਰ ਦਿੱਤਾ ਜਾਵੇਗਾ।
ਜਨ ਸਿਹਤ ਵਿਭਾਗ ਦੇ ਐੱਸ ਡੀ ਓ ਰਮਿੰਦਰਜੀਤ ਸਿੰਘ ਬੇਦੀ ਨੇ ਦੱਸਿਆ ਕਿ ਸੀਵਰੇਜ ਦੀ ਸਫ਼ਾਈ ਲਈ ਮਸ਼ੀਨਾਂ ਪਹੁੰਚ ਗਈਆਂ ਹਨ ਅਤੇ ਇਸ ਖੇਤਰ ਦੇ ਸੀਵਰੇਜ ਨੂੰ ਮੁੱਖ ਲਾਈਨ ਨਾਲ ਜੋੜਨ ਵਾਸਤੇ ਟੈਂਡਰ ਜਲਦੀ ਹੀ ਪਾ ਦਿੱਤਾ ਜਾਵੇਗਾ। ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆਂ ਨੇ ਇਹ ਚਿਤਾਵਨੀ ਦਿੰਦਿਆਂ ਮੁਜ਼ਾਹਰਾ ਖਤਮ ਕੀਤਾ ਕਿ ਜੇ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮੁੜ ਸੰਘਰਸ਼ ਕਰਨਗੇ।
ਸਫ਼ਾਈ ਸੇਵਕਾਂ ਵੱਲੋਂ ਦੋ ਦਿਨ ਦੀ ਹੜਤਾਲ ਦਾ ਐਲਾਨ
ਸਫ਼ਾਈ ਸੇਵਕ ਦੋ ਦਿਨਾਂ ਦੀ ਹੜਤਾਲ ਤੇ ਇਸ ਦੌਰਾਨ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਦੋ ਦਿਨਾਂ ਵਾਸਤੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਭਰਤੀ ਅਤੇ ਹੋਰ ਮਸਲਿਆਂ ਸਬੰਧੀ ਸਰਕਾਰ ਵੱਲੋਂ ਕੋਈ ਕਾਰਵਾਈ ਨਾ ਕਰਨ ਤੇ ਹੁਣ ਦੋ ਦਿਨਾਂ ਵਾਸਤੇ ਹੜਤਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੋ ਦਿਨ ਸਫ਼ਾਈ ਤੇ ਸੀਵਰੇਜ ਦਾ ਕੰਮ ਨਾ ਕੀਤਾ ਜਾਵੇ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।