ਖ਼ਸਤਾ ਹਾਲ ਸੜਕਾਂ ਦੀ ਮੁਰੰਮਤ ਲਈ ਮੋਰਚੇ ’ਤੇ ਡਟੇ ਲੋਕ
ਪਰਸ਼ੋਤਮ ਬੱਲੀ
ਬਰਨਾਲਾ, 30 ਜੂਨ
ਇੱਥੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਫ਼ਤਰ ਅੱਗੇ ਅੱਜ ਧਨੌਲਾ ਇਲਾਕੇ ਦੇ ਵਾਸੀਆਂ ਨੇ ਪਿੰਡਾਂ ਦੀਆਂ ਖ਼ਸਤਾਹਾਲ ਲਿੰਕ ਸੜਕਾਂ ਦੀ ਮੁਰੰਮਤ ਤੇ ਨਵਨਿਰਮਾਣ ਲਈ ਬੀਕੇਯੂ ਉਗਰਾਹਾਂ ਦੀ ਅਗਵਾਈ ਹੇਠ ਪੱਕਾ ਮੋਰਚਾ ਆਰੰਭ ਦਿੱਤਾ ਹੈ। ਜਥੇਬੰਦੀ ਦੇ ਬਲਾਕ ਬਰਨਾਲਾ ਪ੍ਰਧਾਨ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਪਿੰਡ ਭੱਠਲਾਂ, ਕੱਟੂ, ਭੈਣੀ ਮਹਿਰਾਜ, ਹਰੀਗੜ੍ਹ, ਦਾਨਗੜ੍ਹ, ਧਨੌਲਾ, ਫਤਿਹਗੜ੍ਹ ਛੰਨਾ ਤੇ ਧੌਲਾ ਦੀਆਂ ਲਿੰਕ ਸੜਕਾਂ ਦੀ ਅਤਿ ਮਾੜੀ ਹਾਲਤ ਹੋ ਚੁੱਕੀ ਹੈ। ਉਪਰੋਂ ਬਰਸਾਤ ਦਾ ਮੌਸਮ ਆ ਗਿਆ। ਸੜਕਾਂ ’ਤੇ ਟੋਏ ਮੀਂਹ ਪੈਣ ਕਾਰਨ ਛੱਪੜਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਰਾਹਗੀਰਾਂ ਨੂੰ ਬਹੁਤ ਪ੍ਰੇਸ਼ਾਨੀਆਂ ਦਰਪੇਸ਼ ਹਨ। ਅਨੇਕਾਂ ਹਾਦਸੇ ਵਾਪਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਤੇ ਪੀੜਤ ਵਾਸੀਆਂ ਦੇ ਵੱਖ ਵੱਖ ਵਫ਼ਦਾਂ ਵੱਲੋਂ ਮਿਲ ਕੇ ਅਧਿਕਾਰੀਆਂ ਦੇ ਵਾਰ-ਵਾਰ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਸਿੱਟੇ ਵਜੋਂ ਅੱਜ ਤੋਂ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਦਫ਼ਤਰ ਬਰਨਾਲਾ ਵਿੱਚ ਪੱਕਾ ਮੋਰਚਾ ਆਰੰਭ ਕਰ ਦਿੱਤਾ ਗਿਆ ਹੈ। ਜੋ ਮੰਗਾਂ ਮੰਨਣ ਤੱਕ ਜਾਰੀ ਰਹੇਗਾ। ਇਸ ਮੌਕੇ ਦਰਸ਼ਨ ਸਿੰਘ ਭੈਣੀ ਮਹਿਰਾਜ, ਕ੍ਰਿਸ਼ਨ ਸਿੰਘ ਛੰਨਾ, ਜਰਨੈਲ ਸਿੰਘ ਜਵੰਧਾ, ਗੁਰਜੰਟ ਸਿੰਘ ਭੈਣੀ ਜੱਸਾ, ਗੁਰਮੀਤ ਸਿੰਘ ਭੱਠਲਾਂ, ਹਰਪਾਲ ਸਿੰਘ ਛੰਨਾ, ਬਰਜਿੰਦਰ ਸਿੰਘ ਧੌਲਾ, ਭਾਗ ਸਿੰਘ ਕੱਟੂ, ਮੇਜਰ ਸਿੰਘ ਹਰੀਗੜ੍ਹ ਤੇ ਗੁਰਜੀਤ ਕੌਰ ਆਦਿ ਹਾਜ਼ਰ ਸਨ। ਇਸ ਦੌਰਾਨ ਕਾਰਜਕਾਰੀ ਇੰਜਨੀਅਰ ਦਵਿੰਦਰਪਾਲ ਸਿੰਘ ਨੇ ਕਿਹਾ ਕਿ ਸਬੰਧਤ ਖੇਤਰ ਦੀਆਂ ਮੁਰੰਮਤ ਵਾਲੀਆਂ ਸੜਕਾਂ ਦੇ ਕੰਮਾਂ ਬਾਰੇ ਪਹਿਲਾਂ ਹੀ ਮੰਡੀ ਬੋਰਡ ਨੂੰ ਲਿਖਤੀ ਭੇਜਿਆ ਜਾ ਚੁੱਕਾ ਹੈ ਜਿਸ ਦੀ ਸਰਕਾਰੀ ਪ੍ਰਵਾਨਗੀ ਆਉਣ ਸਾਰ ਹੀ ਨਿਰਮਾਣ ਕਾਰਜ ਆਰੰਭ ਦਿੱਤੇ ਜਾਣਗੇ।