ਜ਼ਿਲ੍ਹਾ ਬਣਨ ਤੋਂ ਲੈ ਕੇ ਅੱਜ ਤੱਕ ਪੰਜਾਬ ਵਿੱਚ ਮਾਨਸਾ ਜ਼ਿਲ੍ਹੇ ਨੂੰ ਸਭ ਤੋਂ ਵੱਧ ਡਿਪਟੀ ਕਮਿਸ਼ਨਰ ਮਿਲੇ ਹਨ ਅਤੇ ਸਭ ਤੋਂ ਵੱਧ ਡਿਪਟੀ ਕਮਿਸ਼ਨਰਾਂ ਆਏ ਅਤੇ ਚਲੇ ਗਏ। ਹੁਣ ਮਾਨਸਾ ਨੂੰ 36ਵੇਂ ਦੇ ਨਵਜੋਤ ਕੌਰ ਡੀ.ਸੀ ਮਿਲੇ ਹਨ। ਹਾਲੇ ਕੱਲ੍ਹ ਹੀ ਉਨ੍ਹਾਂ ਦਾ ਮਾਨਸਾ ਤਬਾਦਲਾ ਹੋਇਆ ਹੈ ਅਤੇ ਅੱਜ ਜਾਂ ਭਲਕੇ ਉਹ ਆਪਣਾ ਅਹੁਦਾ ਸੰਭਾਲਣਗੇ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮਾਨਸਾ ਤੋਂ ਬਦਲਕੇ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਲਾਇਆ ਗਿਆ ਹੈ। ਹੈਰਾਨੀ ਗੱਲ ਹੈ ਕਿ ਸਭ ਤੋਂ ਵੱਧ ਡਿਪਟੀ ਕਮਿਸ਼ਨਰ ਮਿਲਣ ਦੇ ਬਾਵਜੂਦ ਮਾਨਸਾ ਜ਼ਿਲ੍ਹਾ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਵਿਕਾਸ ਨਹੀਂ ਕਰ ਸਕਿਆ। ਇਸਦੇ ਬਰਾਬਰ ਪੰਜਾਬ ਦੀ ਬੇਅੰਤ ਸਿੰਘ ਸਰਕਾਰ ਵੱਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਨੂੰ ਵੀ ਜ਼ਿਲ੍ਹਾ ਘੋਸ਼ਿਤ ਕੀਤਾ ਗਿਆ ਸੀ। ਅੱਜ ਵਿਕਾਸ ਪੱਖੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਅਤੇ ਮਾਨਸਾ ਜ਼ਿਲ੍ਹੇ ਵਿੱਚ ਵੱਡਾ ਫ਼ਰਕ ਹੈ।
ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਕੋਈ ਵੀ ਸਰਕਾਰ ਆਏ, ਪਰ ਮਾਨਸਾ ਵਿਕਾਸ ਅਤੇ ਧੜੱਲੇਦਾਰ ਅਫ਼ਸਰ ਦੇਣ ਵਿੱਚ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ। 36 ਡਿਪਟੀ ਕਮਿਸ਼ਨਰ ਮਿਲਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਨੂੰ ਮਿਲੇ ਡਿਪਟੀ ਕਮਿਸ਼ਨਰਾਂ ਵਿਚੋਂ ਦੋ-ਤਿੰਨ ਡੀ.ਸੀ ਨੂੰ ਛੱਡਕੇ ਬਾਕੀਆਂ ਨੂੰ ਆਏ ਤੇ ਚਲੇ ਗਏ ਸਮਝਿਆ ਗਿਆ। ਬਹੁਤੇ ਡਿਪਟੀ ਕਮਿਸ਼ਨਰ ਆਪਣੇ ਦਫ਼ਤਰਾਂ ਤੋਂ ਬਾਹਰ ਵੀ ਨਹੀਂ ਨਿਕਲੇ, ਜਦੋਂ ਕਿਸੇ ਨਵੇਂ ਡਿਪਟੀ ਕਮਿਸ਼ਨਰ, ਐਸਐਸਪੀ ਇਥੇ ਬਦਲਕੇ ਆਉਂਦਾ ਹੈ ਤਾਂ ਸ਼ਹਿਰੀਆਂ ਵੱਲੋਂ ਬੁੱਕੇ ਅਤੇ ਸਨਮਾਨ ਚਿੰਨ੍ਹ ਆਦਿ ਦੇਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਹੈ। ਐਡਵੋਕੇਟ ਬਲਕਰਨ ਸਿੰਘ ਬੱਲੀ, ਐਡਵੋਕੇਟ ਗੁਰਲਾਭ ਸਿੰਘ ਮਾਹਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਮਾਨਸਾ ਨੂੰ ਬਹੁਤੀ ਤਵੱਜੋਂ ਨਹੀਂ ਦੇ ਰਹੀ।