ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮਾਲਵੇ ’ਚ ਮੀਂਹ ਮਗਰੋਂ ਲੋਕਾਂ ਨੂੰ ਗਰਮੀ ਤੋਂ ਰਾਹਤ, ਪਾਰਾ ਸੱਤ ਡਿਗਰੀ ਘਟਿਆ

ਤੇਜ਼ ਹਵਾਵਾਂ ਚੱਲੀਆਂ; ਕਿਸਾਨਾਂ ਨੇ ਝੋਨਾ ਲਾਉਣ ਦੀ ਤਿਆਰੀ ਖਿੱਚੀ
Advertisement

ਸ਼ਗਨ ਕਟਾਰੀਆ/ਜੋਗਿੰਦਰ ਸਿੰਘ ਮਾਨ

ਬਠਿੰਡਾ/ਮਾਨਸਾ, 3 ਜੂਨ

Advertisement

ਪੱਛੋਂ ਵੱਲੋਂ ਚੜ੍ਹ ਕੇ ਆਈਆਂ ਕਾਲੀਆਂ ਘਟਾਵਾਂ ਨੇ ਅੱਜ ਸ਼ਾਮ ਮਾਲਵੇ ’ਚ ਛਹਿਬਰ ਲਾ ਦਿੱਤੀ। ਸ਼ਾਮ ਨੂੰ ਕਰੀਬ 5 ਵਜੇ ਤੇਜ਼ ਹਵਾਵਾਂ ਦੇ ਨਾਲ ਆਈਆਂ ਫ਼ੁਹਾਰਾਂ ਦੇਰ ਤੱਕ ਟਿਕ ਕੇ ਪੈਂਦੀਆਂ ਰਹੀਆਂ। ਮੀਂਹ ਪੈਣ ਕਾਰਨ ਤਾਪਮਾਨ ਆਮ ਨਾਲੋਂ 5 ਤੋਂ 7 ਡਿਗਰੀ ਸੈਲਸੀਅਸ ਘੱਟ ਗਿਆ ਹੈ। ਮਾਲਵਾ ਖੇਤਰ ਦੇ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 42 ਡਿਗਰੀ ਤੋਂ ਘਟ ਕੇ 35 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ। ਭਾਵੇਂ ਪਿਛਲੇ ਦਿਨੀਂ ਪਹਾੜੀ ਖੇਤਰਾਂ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ’ਚ ਮੀਂਹ ਨੇ ਹਾਜ਼ਰੀ ਲੁਆਈ ਪਰ ਪੰਜਾਬ ਦਾ ਦੱਖਣ-ਪੱਛਮੀ ਖੇਤਰ ਉਦੋਂ ਖ਼ੁਸ਼ਕ ਹੀ ਰਿਹਾ। ਲੰਘੀ ਦੇਰ ਸ਼ਾਮ ਵੀ ਉੱਤਰ-ਪੱਛਮੀ ਖੇਤਰਾਂ ਵਰਖਾ ਨੇ ਕਿਤੇ-ਕਿਤੇ ਫ਼ੁਹਾਰਾਂ ਦਿੱਤੀਆਂ ਪਰ ਮਾਲਵੇ ਦੇ ਬਠਿੰਡਾ, ਮਾਨਸਾ, ਫ਼ਾਜ਼ਿਲਕਾ, ਮੁਕਤਸਰ, ਫ਼ਰੀਦਕੋਟ ਜ਼ਿਲ੍ਹੇ ਮੀਂਹ ਨੂੰ ਤਰਸਦੇ ਰਹੇ। ਇਨ੍ਹਾਂ ਖ਼ੁਸ਼ਕ ਜ਼ਿਲ੍ਹਿਆਂ ’ਚ ਅੱਜ ਹਲਕੀ ਤੋਂ ਦਰਮਿਆਨੀ ਬਰਸਾਤ ਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ।

ਵਰਖਾ ਹੋਣ ਨਾਲ ਮੌਸਮ ਦੇ ਮਿਜ਼ਾਜ ’ਚ ਮਟਕ ਆ ਗਈ ਅਤੇ ਤਲਖ਼ੀ ਵਾਲੀ ਗਰਮੀ ਦੇ ਝੰਬੇ ਲੋਕਾਂ ਨੇ ਸੁਖ ਦਾ ਸਾਹ ਲਿਆ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਮੀਂਹ ਦੀਆਂ ਇਹ ਕਾਰਵਾਈਆਂ ਮੰਗਲਵਾਰ ਦੀ ਰਾਤ ਅਤੇ ਬੁੱਧਵਾਰ ਨੂੰ ਵੀ ਰੁਕ-ਰੁਕ ਕੇ ਜਾਰੀ ਰਹਿ ਸਕਦੀਆਂ ਹਨ। ਮੀਂਹ ਸਦਕਾ ਝੋਨੇ ਦੀ ਲੁਆਈ ’ਚ ਰੁੱਝੇ ਕਿਸਾਨਾਂ ਅਤੇ ਖੇਤੀ ਸੈਕਟਰ ਲਈ ਬਿਜਲੀ ਉਤਪਾਦਨ ’ਚ ਰੁੱਝੇ ਪਾਵਰਕੌਮ ਨੇ ਕਾਫੀ ਰਾਹਤ ਮਹਿਸੂਸ ਕੀਤੀ ਹੈ। ਮੌਸਮ ਦੇ ਜਾਣਕਾਰਾਂ ਨੇ ਪੇਸ਼ੀਨਗੋਈ ਕੀਤੀ ਹੈ ਕਿ ਮੀਂਹ ਦੀ ਇਸ ਝੱਟ ਤੋਂ ਬਾਅਦ ਇੱਕ ਹਫ਼ਤਾ ਮੌਸਮ ਖ਼ੁਸ਼ਕ ਰਹਿਣ ਦੀ ਸੰਭਾਵਨਾ ਅਤੇ ਅੱਧ ਜੂਨ ਤੋਂ ਫਿਰ ਛਿੱਟੇ-ਛਰਾਟੇ ਦੇ ਆਸਾਰ ਬਣਨਗੇ।

ਜਾਣਕਾਰੀ ਅਨੁਸਾਰ ਪੰਜਾਬ ਵਿੱਚ ‘ਨੌਤਪਾ’ ਖ਼ਤਮ ਹੁੰਦਿਆਂ ਹੀ ਮਾਲਵਾ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ। ਇਹ ਨੌਤਪਾ 25 ਮਈ ਤੋਂ 2 ਜੂਨ ਤੱਕ ਸੀ, ਜਿਸ ਦੌਰਾਨ ਅੱਗ ਵਰਗੀ ਗਰਮੀ ਪੈਂਦੀ ਰਹੀ ਹੈ। ਮੀਂਹ ਕਾਰਨ ਝੋਨੇ ਦੀ ਲੁਆਈ ਤੇਜ਼ ਹੋਣ ਦੇ ਆਸਾਰ ਹਨ। ਜਾਣਕਾਰੀ ਅਨੁਸਾਰ ਪਹਿਲੀ ਜੂਨ ਤੋਂ ਮਾਲਵਾ ਖੇਤਰ ਦੇ ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਝੋਨੇ ਦੀ ਲੁਆਈ ਸ਼ੁਰੂ ਹੋ ਚੁੱਕੀ ਹੈ ਪਰ ਜ਼ਿਆਦਾ ਗਰਮੀ ਹੋਣ ਕਾਰਨ ਅਜੇ ਕਿਸਾਨ ਝੋਨਾ ਲਾਉਣ ਤੋਂ ਟਾਲਾ ਵੱਟੀ ਬੈਠੇ ਸਨ। ਅੱਜ ਸ਼ਾਮ ਪਏ ਮੀਂਹ ਸਦਕਾ ਕਿਸਾਨਾਂ ਨੇ ਝੋਨਾ ਲਾਉਣ ਦੀ ਹੋਰ ਤਿਆਰੀ ਖਿੱਚ ਦਿੱਤੀ ਹੈ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਨੇ ਮੰਨਿਆ ਕਿ ਕਿਸਾਨਾਂ ਨੇ ਝੋਨੇ ਦੀ ਲੁਆਈ ਆਰੰਭ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਠੰਢੇ ਮੌਸਮ ’ਚ ਝੋਨੇ ਦੀ ਪਨੀਰੀ ਲੱਗਣ ਸਾਰ ਤੁਰੰਤ ਚੱਲ ਪੈਂਦੀ ਹੈ।

ਭੁੱਚੋ ਮੰਡੀ (ਪਵਨ ਗੋਇਲ): ਭੁੱਚੋ ਮੰਡੀ ਇਲਾਕੇ ਵਿੱਚ ਅੱਜ ਸ਼ਾਮੀਂ ਅਚਾਨਕ ਤੇਜ ਝੱਖੜ ਆਇਆ ਅਤੇ ਭਰਵਾਂ ਮੀਂਹ ਪਿਆ। ਇਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਮੀਂਹ ਨੇ ਮੌਸਮ ਹੋਰ ਖੁਸ਼ਗਵਾਰ ਕਰ ਦਿੱਤਾ। ਮੌਸਮ ਵਿਭਾਗ ਅਨੁਸਾਰ ਅੱਜ ਵੱਧ ਤੋਂ ਵੱਧ ਤਾਪਮਾਨ 36.2 ਅਤੇ ਘੱਟ ਤੋਂ ਘੱਟ ਤਾਪਮਾਨ 22.4 ਰਿਹਾ। ਇਸ ਮੀਂਹ ਵਿੱਚ ਰਾਹਗੀਰਾਂ ਖਾਸ ਕਰ ਦੁਪਈਆ ਵਾਹਨ ਚਾਲਕਾਂ ਨੂੰ ਆਪਣੀਆਂ ਮੰਜ਼ਿਲਾਂ ਵੱਲ ਜਾਣ ਸਮੇਂ ਪ੍ਰੇਸ਼ਾਨੀ ਹੋਈ।

Advertisement