ਲੋਕਾਂ ਵੱਲੋਂ ਬਲਾਕ ਭਗਤਾ ਤੋੜਨ ਖ਼ਿਲਾਫ਼ ਸੰਘਰਸ਼ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਬਲਾਕ ਭਗਤਾ ਭਾਈ ਨੂੰ ਤੋੜਨ ਦੇ ਫ਼ੈਸਲੇ ਖ਼ਿਲਾਫ਼ ਵੱਖ-ਵੱਖ ਜਨਤਕ ਜਥੇਬੰਦੀਆਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 22 ਅਗਸਤ ਨੂੰ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਸਥਾਨਕ ਗੁਰਦੁਆਰਾ ਮਹਿਲ ਸਾਹਿਬ ਵਿਚ ਹੋਈ। ਇਸ ਮੌਕੇ ਸੀਨੀਅਰ 'ਆਪ' ਆਗੂ ਨਛੱਤਰ ਸਿੰਘ ਸਿੱਧੂ, ਬਹਾਦਰ ਸਿੰਘ ਬਰਾੜ, ਬੀਕੇਯੂ ਉਗਰਾਹਾਂ ਦੇ ਆਗੂ ਅਵਤਾਰ ਤਾਰੀ, ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾਈ ਆਗੂ ਸ਼ਿੰਦਰਪਾਲ ਕੌਰ ਦਿਆਲਪੁਰਾ ਭਾਈਕਾ, ਮਿੰਨੀ ਬੱਸ ਯੂਨੀਅਨ ਪੰਜਾਬ ਦੇ ਆਗੂ ਤੀਰਥ ਸਿੰਘ ਦਿਆਲਪੁਰਾ, ਬੀਕੇਯੂ. ਕ੍ਰਾਂਤੀਕਾਰੀ ਦੇ ਆਗੂ ਕਰਮਜੀਤ ਜੇਈ, ਬੀਕੇਯੂ ਖੋਸਾ ਦੇ ਆਗੂ ਜੀਤ ਸਿੰਘ ਖੂਹ ਵਾਲੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਨਿਰਭੈ ਸਿੰਘ, ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਸੁਖਚੈਨ ਸਿੰਘ ਚੈਨਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਜੀਵਨ ਭਗਤਾ ਨੇ ਬਲਾਕ ਭਗਤਾ ਨੂੰ ਤੋੜਨ ਦੇ ਫ਼ੈਸਲੇ ਦਾ ਵਿਰੋਧ ਕੀਤਾ। ਉਨ੍ਹਾਂ ਸਮਾਜ ਦੇ ਸਾਰੇ ਵਰਗਾਂ ਨੂੰ ਆਪਸੀ ਵਖਰੇਵਿਆਂ ਤੋਂ ਉਪਰ ਉਠ ਕੇ 22 ਅਗਸਤ ਦੇ ਧਰਨੇ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਇਸ ਸਬੰਧੀ ਪੱਕਾ ਮੋਰਚਾ ਲਾਇਆ ਜਾਵੇਗਾ। ਮੀਟਿੰਗ ਵਿੱਚ ਸੰਘਰਸ਼ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 21 ਮੈਂਬਰੀ ਬਲਾਕ ਬਚਾਓ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਜਿਸ 'ਚ ਅਵਤਾਰ ਤਾਰੀ, ਨਛੱਤਰ ਸਿੰਘ ਸਿੱਧੂ, ਬਹਾਦਰ ਸਿੰਘ ਬਰਾੜ, ਸੁਖਜਿੰਦਰ ਖ਼ਾਨਦਾਨ, ਸ਼ਿੰਦਰਪਾਲ ਕੌਰ ਦਿਆਲਪੁਰਾ, ਡਾ. ਨਿਰਭੈ ਸਿੰਘ ਭਗਤਾ, ਜੀਤ ਸਿੰਘ ਖੂਹ ਵਾਲੇ, ਤੀਰਥ ਕੋਠਾ ਗੁਰੂ, ਸੁਖਚੈਨ ਚੈਨਾ, ਪੰਮੀ ਸਿੰਘ, ਮੇਜਰ ਭੋਡੀਪੁਰਾ, ਸੁਖਮੰਦਰ ਭਗਤਾ, ਪ੍ਰਿੰਸੀਪਲ ਹੰਸ ਸੋਹੀ, ਬਲਜੀਤ ਗੌਂਸਪੁਰਾ, ਗੁਰਜੰਟ ਰਾਮੂਵਾਲਾ, ਸੁਰਜੀਤ ਸਿੰਘ, ਜਗਰੂਪ ਰੂਪਾ, ਗੋਰਾ ਸਿੰਘ, ਹਰਬੰਸ ਸਿੰਘ, ਜਗਰੂਪ ਭਗਤਾ ਆਦਿ ਨੂੰ ਲਿਆ ਗਿਆ ਹੈ।