ਤਪਾ ਮੰਡੀ ਦੀ ਸਥਾਨਕ ਬਸਤੀ ਦੇ ਨਿਕਾਸੀ ਪਾਣੀ ਲਈ ਬਣੇ ਨਾਲੇ ਉਪਰ ਕੀਤੀ ਜਾ ਰਹੀ ਨਾਜਾਇਜ਼ ਉਸਾਰੀ ਖ਼ਿਲਾਫ਼ ਲੋਕਾਂ ਨੇ ਨਗਰ ਕੌਂਸਲ ਦੇ ਦਫ਼ਤਰ ਵਿੱਚ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ। ਧਰਨਾਕਾਰੀ ਵੀਰਾ ਸਿੰਘ, ਸਤਨਾਮ ਸਿੰਘ, ਕਾਲਾ ਸਿੰਘ ਜੱਗਾ ਸਿੰਘ, ਜੰਟਾ ਸਿੰਘ, ਕਿਰਨਾ, ਕਾਲਾ ਰਾਮ ਅਤੇ ਨੀਸ਼ੂ ਨੇ ਦੱਸਿਆ ਕਿ ਬਾਬਾ ਮੱਠ ਨੇੜੇ ਬਸਤੀ ਦੇ ਨਿਕਾਸੀ ਪਾਣੀ ਲਈ ਨਾਲਾ ਕਾਫੀ ਸਮੇਂ ਤੋਂ ਬਣਿਆ ਹੋਇਆ ਹੈ ਜਿਸ ਉਪਰ ਨਾਜਾਇਜ਼ ਉਸਾਰੀ ਕੀਤੀ ਗਈ ਹੈ ਪਰ ਸਮੇਂ-ਸਮੇਂ ’ਤੇ ਅਧਿਕਾਰੀਆਂ ਨੂੰ ਇਸ ਸਬੰਧੀ ਜਾਣੂ ਕਰਵਾਇਆ ਗਿਆ ਪਰ ਉਨ੍ਹਾਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਰਕੇ ਅੱਕੇ ਹੋਏ ਬਸਤੀ ਦੀਆਂ ਔਰਤਾਂ ਤੇ ਬੰਦਿਆਂ ਨੇ ਇਕੱਠੇ ਹੋ ਕੇ ਨਾਜਾਇਜ਼ ਹੋ ਰਹੀ ਉਸਾਰੀ ਨੂੰ ਬੰਦ ਕਰਵਾਉਣ ਲਈ ਧਰਨਾ ਦਿੱਤਾ ਹੈ ਤਾਂ ਜੋ ਨਾਜਾਇਜ਼ ਹੋ ਰਹੀ ਉਸਾਰੀ ਕਾਰਨ ਬਸਤੀ ਦੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਇਸ ਕੰਮ ਨੂੰ ਬੰਦ ਨਹੀਂ ਕਰਵਾ ਕੇ ਕਾਰਵਾਈ ਨਹੀਂ ਕੀਤੀ ਜਾਵੇਗੀ, ਓਨੀ ਦੇਰ ਉਹ ਪਿੱਛੇ ਨਹੀਂ ਹਟਣਗੇ।
ਨਗਰ ਕੌਂਸਲ ਦੀ ਪ੍ਰਧਾਨ ਡਾ. ਸੋਨਿਕਾ ਬਾਂਸਲ ਅਤੇ ਕਾਰਜ ਸਾਧਕ ਅਫ਼ਸਰ ਹਰਪ੍ਰੀਤ ਸਿੰਘ ਨੇ ਬਸਤੀ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਨਾਜਾਇਜ਼ ਉਸਾਰੀ ਕਰਨ ਵਾਲਿਆਂ ਨੂੰ ਨੋਟਿਸ ਦੇ ਦਿੱਤਾ ਹੈ ਅਤੇ ਉਨ੍ਹਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਕਾਰਜਸਾਧਕ ਅਫ਼ਸਰ ਨੇ ਕਿਹਾ ਕਿ ਉਸਾਰੀ ’ਤੇ ਵਰਤਨ ਵਾਲਾ ਸਾਮਾਨ ਵੀ ਜ਼ਬਤ ਕਰ ਲਿਆ ਗਿਆ ਹੈ।