ਭਗਤਾ ਬਲਾਕ ਤੋੜਨ ਖ਼ਿਲਾਫ਼ ਲੋਕਾਂ ਨੇ ਬਲਕਾਰ ਸਿੱਧੂ ਦਾ ਪੁਤਲਾ ਫੂਕਿਆ
ਪੰਜਾਬ ਸਰਕਾਰ ਵੱਲੋਂ ਬਲਾਕ ਭਗਤਾ ਭਾਈ ਨੂੰ ਤੋੜਨ ਦੇ ਫ਼ੈਸਲੇ ਖ਼ਿਲਾਫ਼ ਬਣਾਈ ਬਲਾਕ ਬਚਾਓ ਐਕਸ਼ਨ ਕਮੇਟੀ ਵੱਲੋਂ ਸ਼ਹਿਰ ਦੇ ਮੁੱਖ ਚੌਕ ’ਚ ਧਰਨਾ ਦਿੱਤਾ ਗਿਆ। ਧਰਨੇ ਵਿੱਚ ਔਰਤਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਉਨ੍ਹਾਂ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜੇ ਇਹ ਲੋਕ ਵਿਰੋਧੀ ਫ਼ੈਸਲਾ ਜਲਦ ਵਾਪਸ ਨਾ ਲਿਆ ਤਾਂ ਉਹ ਅਣਮਿੱਥੇ ਸਮੇਂ ਦਾ ਧਰਨਾ ਦੇਣ ਲਈ ਮਜਬੂਰ ਹੋਣਗੇ। ਇਸੇ ਦੌਰਾਨ ਜਦੋਂ ਧਰਨੇ ਦੀ ਸਮਾਪਤੀ ਮੌਕੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ ਤਾਂ ਧਰਨਾਕਾਰੀਆਂ ਨੇ ਰੋਹ ’ਚ ਆਉਂਦਿਆਂ ਮੁੱਖ ਚੌਕ 'ਚ ਜਾਮ ਲਗਾ ਦਿੱਤਾ। ਉਨ੍ਹਾਂ ਹਲਕਾ ਵਿਧਾਇਕ ਬਲਕਾਰ ਸਿੱਧੂ ਦਾ ਪੁਤਲਾ ਫ਼ੂਕਿਆ। ਐਕਸ਼ਨ ਕਮੇਟੀ ਦੇ ਆਗੂ ਕਰਮਜੀਤ ਜੇਈ, ਅਵਤਾਰ ਸਿੰਘ ਤਾਰੀ, ਸ਼ਿੰਦਰਪਾਲ ਕੌਰ ਦਿਆਲਪੁਰਾ, ਬਲਵਿੰਦਰ ਸਿੰਘ ਰੋਡੇ, ਨਛੱਤਰ ਸਿੰਘ ਸਿੱਧੂ, ਬਹਾਦਰ ਸਿੰਘ ਭਗਤਾ, ਐਡਵੋਕੇਟ ਜਸਵਿੰਦਰ ਸਿੰਘ ਜੱਸ ਬੱਜੋਆਣਾ, ਤੀਰਥ ਸਿੰਘ ਦਿਆਲਪੁਰਾ, ਰਿਤੇਸ਼ ਰਿੰਕੂ, ਬਾਬਾ ਦਵਿੰਦਰ ਸਿੰਘ ਦਿਆਲਪੁਰਾ, ਸੁਖਚੈਨ ਸਿੰਘ ਭਗਤਾ, ਡਾ. ਨਿਰਭੈ ਸਿੰਘ ਭਗਤਾ, ਅਮਰਬੀਰ ਸਿੰਘ ਦਿਆਲਪੁਰਾ, ਕੁਲਦੀਪ ਕੌਰ ਬਰਾੜ, ਅਵਤਾਰ ਸਿੰਘ ਤਾਰੀ, ਹਰਬੰਸ ਕੋਠਾ ਗੁਰੂ, ਜੀਤ ਸਿੰਘ ਖੂਹ ਵਾਲੇ ਤੇ ਮਿਸਲ ਸਤਲੁਜ ਦੇ ਗਗਨਦੀਪ ਸਿੰਘ ਭਗਤਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਨੇ ਭਗਤਾ ਬਲਾਕ ਨੂੰ ਖ਼ਤਮ ਕਰਕੇ ਲੋਕ ਵਿਰੋਧੀ ਫ਼ੈਸਲਾ ਲਿਆ ਹੈ ਅਤੇ ਜਿੰਨੀ ਦੇਰ ਤੱਕ ਇਹ ਬਲਾਕ ਮੁੜ ਬਹਾਲ ਨਹੀਂ ਹੁੰਦਾ ਓਨੀ ਦੇਰ ਤੱਕ ਇਲਾਕ਼ੇ ਦੇ ਪਿੰਡਾਂ 'ਚ ਸਰਕਾਰ ਤੇ ਹਲਕਾ ਵਿਧਾਇਕ ਦਾ ਵਿਰੋਧ ਜਾਰੀ ਰਹੇਗਾ। ਮੰਗ ਪੱਤਰ ਦੇਣ ਉਪਰੰਤ ਧਰਨਾਕਾਰੀਆਂ ਨੇ ਧਰਨਾ ਸਮਾਪਤ ਕਰ ਦਿੱਤਾ।