ਘੱਗਰ ’ਚ ਪਾਣੀ ਘਟਣ ਨਾਲ ਲੋਕਾਂ ਨੂੰ ਸੁੱਖ ਦਾ ਸਾਹ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਜੁਲਾਈ
ਹਿਮਾਚਲ ਪ੍ਰਦੇਸ਼ ਵਿੱਚ ਮੌਨਸੂਨ ਦੇ ਮੀਂਹਾਂ ਦਾ ਕਹਿਰ ਜਾਰੀ ਹੋਣ ਤੋਂ ਬਾਅਦ ਘੱਗਰ ਦਰਿਆ ਵਿੱਚ ਆਏ ਮੀਂਹਾਂ ਦੇ ਪਾਣੀ ਤੋਂ ਇਸ ਇਲਾਕੇ ਦੇ ਜਿਹੜੇ ਲੋਕ ਘਬਰਾ ਗਏ ਸਨ, ਉਨ੍ਹਾਂ ਨੂੰ ਹੁਣ ਪਾਣੀ ਹੇਠਾਂ ਉਤਰਨ ਤੋਂ ਬਾਅਦ ਸੁੱਖ ਦਾ ਸਾਹ ਆਇਆ ਹੈ। ਭਾਵੇਂ ਮਾਨਸਾ ਜ਼ਿਲ੍ਹੇ ਲੋਕਾਂ ਨੇ ਘੱਗਰ ਵਿੱਚ ਵਧੇ ਪਾਣੀ ਦੇ ਪੱਧਰ ਨੂੰ ਲੈਕੇ ਆਪੋ-ਆਪਣੇ ਦੇ ਕਿਨਾਰਿਆਂ ’ਤੇ ਪਹਿਰੇਦਾਰੀ ਆਰੰਭ ਕਰ ਦਿੱਤੀ ਗਈ ਸੀ, ਉਸ ਤੋਂ ਹੁਣ ਲੋਕਾਂ ਨੂੰ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਘਟਾ ਦਿੱਤੀ ਗਈ ਹੈ।
ਭਾਵੇਂ ਹਿਮਾਚਲ ਵਿੱਚ ਲਗਾਤਾਰ ਬੱਦਲ ਫੱਟਣ ਅਤੇ ਜ਼ੋਰਦਾਰ ਵਰਖਾ ਕਾਰਨ ਘੱਗਰ ਵਿੱਚ ਹੋਰ ਪਾਣੀ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ, ਪਰ ਇੱਕ ਵਾਰ ਲੋਕਾਂ ਨੂੰ ਪਾਣੀ ਘਟਣ ਤੋਂ ਬਾਅਦ ਪਾਈ ਜਾ ਰਹੀ ਬੇਚੈਨੀ ਤੋਂ ਛੁਟਕਾਰਾ ਮਿਲਿਆ ਹੈ। ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਚਾਂਦਪੁਰਾ ਸਾਈਫਨ ਵਿਚ ਪਿਛਲੇ ਦਿਨਾਂ ਦੌਰਾਨ ਪਾਣੀ 2700 ਕਿਊਸਿਕ ਵਗ ਰਿਹਾ ਸੀ, ਜਦੋਂਕਿ ਸਾਈਫਨ ਦੀ ਸਮਰੱਥਾ 22,000 ਕਿਉਸਿਕ ਪਾਣੀ ਦੀ ਹੈ। ਇਸ ਵੇਲੇ ਸਾਈਫਨ ’ਚ ਪਾਣੀ ਦੀ ਮਾਤਰਾ 700 ਕਿਊਸਿਕ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀ ਮਾਰ ਸਬੰਧੀ ਸਥਿਤੀ ਖ਼ਤਰੇ ਤੋਂ ਬਾਹਰ ਹੈ, ਲੋਕਾਂ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਲ ਨਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਰਿਪੋਰਟ ਅਨੁਸਾਰ ਘੱਗਰ ਦਰਿਆ ਵਿੱਚ ਚਾਂਦਪੁਰਾ ਸਾਈਫਨ ਨੇੜੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਕਾਫੀ ਘਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਚਾਂਦਪੁਰਾ ਸਾਈਫਨ ’ਤੇ ਇਸ ਵੇਲੇ ਪਾਣੀ ਦਾ ਪੱਧਰ ਮਾਤਰ ਅੱਧਾ ਫੁੱਟ ਹੈ, ਜਦੋਂਕਿ ਖ਼ਤਰੇ ਦਾ ਨਿਸ਼ਾਨ 14 ਫੁੱਟ ’ਤੇ ਹੈ। ਇਸੇ ਤਰ੍ਹਾਂ ਸਰਦੂਲਗੜ੍ਹ ਪੁਲ ਦੇ ਨਜ਼ਦੀਕ ਪਾਣੀ ਦਾ ਪੱਧਰ ਇਸ ਵੇਲੇ 7 ਫੁੱਟ ਹੈ ਤੇ ਖਤਰੇ ਦਾ ਨਿਸ਼ਾਨ 23 ਫੁੱਟ ’ਤੇ ਹੈ। ਉਨ੍ਹਾਂ ਦੱਸਿਆ ਕਿ ਪਾਤੜਾਂ ਦੇ ਨੇੜੇ ਖਨੌਰੀ ਬੰਨ੍ਹ ਦੇ ਅਧਿਕਾਰੀਆਂ ਅਨੁਸਾਰ ਉੱਥੇ ਵੀ ਪਾਣੀ ਦਾ ਪੱਧਰ 739.3 ਕਿਉਸਿਕ ਤੋਂ ਘਟ ਕੇ 550 ਕਿਉਸਿਕ ਹੋ ਗਿਆ ਹੈ। ਭਾਖੜਾ ਡੈਮ ਤੋਂ ਪਾਣੀ ਸਬੰਧੀ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਿਕ 1680 ਫੁੱਟ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਵਾਲੇ ਭਾਖੜਾ ਡੈਮ ਦੇ ਰਿਜ਼ਰਵਾਇਰ ਵਿੱਚ ਇਸ ਵੇਲੇ 1584 ਫੁੱਟ ਪਾਣੀ ਹੈ।
ਹਰ ਸਥਿਤੀ ਨਾਲ ਨਜਿੱਠਣ ਲਈ ਅਧਿਕਾਰੀ ਤਿਆਰ: ਡੀਸੀ
ਡੀਸੀ ਨੇ ਦੱਸਿਆ ਕਿ ਡਰੇਨਜ਼ ਵਿਭਾਗ ਦੇ ਸਾਰੇ ਅਧਿਕਾਰੀ ਉਨ੍ਹਾਂ ਨਾਲ ਲਗਾਤਾਰ ਰਾਬਤੇ ਵਿੱਚ ਹਨ ਅਤੇ ਪਾਣੀ ਦੇ ਵਧਣ ਸਬੰਧੀ ਕੋਈ ਵੀ ਸੂਚਨਾ ਉਨ੍ਹਾਂ ਦੇ ਤੁਰੰਤ ਧਿਆਨ ਹਿੱਤ ਲਿਆਂਦੀ ਜਾਵੇਗੀ ਅਤੇ ਪ੍ਰਸ਼ਾਸਨ ਫੌਰੀ ਕਾਰਵਾਈ ਲਈ ਤਿਆਰ ਬਰ ਤਿਆਰ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਲਈ ਵਿਭਾਗ ਦੇ ਸਾਰੇ ਅਧਿਕਾਰੀਆਂ ਪੂਰੀ ਤਰ੍ਹਾਂ ਤਿਆਰ ਹਨ।