ਹਸਪਤਾਲ ’ਚ ਪਰਚੀ ਕਾਊਂਟਰ ’ਤੇ ਲੰਮੀਆਂ ਕਤਾਰਾਂ ਕਾਰਨ ਲੋਕ ਪ੍ਰੇਸ਼ਾਨ
ਪੰਜਾਬ ਦੇ ਸਿਹਤ ਮੰਤਰੀ ਵੱਲੋਂ ਰੋਜ਼ਾਨਾ ਲੋਕਾਂ ਨੂੰ ਵਧੀਆਂ ਸਿਹਤ ਸਹਲੂਤਾ ਦੇਣ ਢੰਡੋਰਾ ਪਿੱਟਿਆ ਜਾਂਦਾ ਹੈ ਪਰ ਹਕੀਕਤ ’ਚ ਵਿਭਾਗ ਸਿਹਤ ਸਹਲੂਤਾਂ ਦੇਣ ’ਚ ਪੂਰੀ ਤਰ੍ਹਾਂ ਨਾ ਕਾਮਯਾਬ ਹੈ। ਪਿਛਲੇ ਲੰਮੇਂ ਸਮੇਂ ਤੋਂ ਜ਼ਿਲ੍ਹਾ ਸਿਵਲ ਹਸਪਤਾਲ ਐੱਸ ਐੱਮ ਓ ਤੋਂ ਸੱਖਣਾ ਹੈ ਅਤੇ ਇਥੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਜ਼ਿਲ੍ਹਾ ਸਿਵਲ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਮਰੀਜ਼ ਆਪਣੇ ਇਲਾਜ ਕਰਵਾਉਣ ਲਈ ਜਦੋਂ ਪਰਚੀ ਬਣਾਉਣ ਵਾਲੇ ਕਾਊਂਟਰ ’ਤੇ ਜਾਂਦੇ ਹਨ ਤਾਂ ਉਥੇ ਇੱਕ ਖਿੜਕੀ ਹੋਣ ਕਾਰਨ ਘੰਟਿਆਂਬੱਧੀ ਕਤਾਰਾਂ ’ਚ ਖੜ੍ਹਨਾ ਪੈਂਦਾ ਹੈ। ਹਸਪਤਾਲ ’ਚ ਆਏ ਲੋਕਾਂ ਨੇ ਆਖਿਆ ਕਿ ਗਰਮੀ ਕਾਰਨ ਮਰੀਜ਼ਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਰੋਜ਼ਾਨਾ ਸ਼ੈਕੜੇ ਮਰੀਜ਼ ਆਉਂਦੇ ਹਨ ਅਤੇ ਇਥੇ ਸਹੂਲਤਾਂ ਦੀ ਘਾਟ ਹੈ ਪਰ ਫਿਰ ਵੀ ਪ੍ਰਸ਼ਾਸਨ ਨੇ ਸਮੱਸਿਆ ਹੱਲ ਨਹੀਂ ਕੀਤੀ। ਹਸਪਤਾਲ ਪ੍ਰਸ਼ਾਸਨ ਨੇ ਨਾ ਸੀਨੀਅਰ ਸਿਟੀਜ਼ਨ ਅਤੇ ਨਾ ਔਰਤਾਂ ਲਈ ਕੋਈ ਵੱਖਰਾ ਪਰਚੀ ਕਾਊਂਟਰ ਬਣਾਇਆ ਹੈ ਜਦਕਿ ਸੂਬਾ ਸਰਕਾਰ ਹਰ ਵਿਭਾਗ ’ਚ ਸੀਨੀਅਰ ਸਿਟੀਜ਼ਨ ਅਤੇ ਔਰਤਾਂ ਲਈ ਵਧੀਆ ਸਹੂਲਤਾਂ ਦੇਣ ਦਾ ਦਾਅਵਾ ਕਰਦੀ ਨਹੀਂ ਥੱਕਦੀ। ਕਈ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਘੰਟਿਆਂਬੱਧੀ ਲਾਈਨ ’ਚ ਖੜ੍ਹੇ ਹੋ ਕੇ ਪਰਚੀ ਬਣਾਉਣ ਲਈ ਆਪਣੀ ਵਾਰੀ ਦੀ ਲੰਮੀ ਉਡੀਕ ਕਰਨੀ ਪੈਂਦੀ ਹੈ। ਕਾਫੀ ਜੱਦੋ ਜਹਿਦ ਤੋਂ ਬਾਅਦ ਬਣੀ ਪਰਚੀ ਲੈ ਕੇ ਜਦੋਂ ਮਰੀਜ਼ ਦਵਾਈ ਲੈਣ ਸਬੰਧਤ ਡਾਕਟਰ ਕੋਲ ਜਾਂਦਾ ਹੈ ਤਾਂ ਕਈ ਡਾਕਟਰ ਹਸਪਤਾਲ ’ਚ ਮੁਫ਼ਤ ਮਿਲਦੀਆਂ ਦਵਾਈਆਂ ਥਾਂ ਮਹਿੰਗੇ ਭਾਅ ਦੀ ਦਵਾਈਆਂ ਲਿਖਣ ਨੂੰ ਤਰਜੀਹ ਦਿੰਦੇ ਹਨ।
ਪਰਚੀ ਕਾਊਂਟਰ ਵਧਾਏ ਜਾ ਰਹੇ ਹਨ: ਸਿਵਲ ਸਰਜਨ
ਸਿਵਲ ਸਰਜਨ ਬਲਜੀਤ ਸਿੰਘ ਨੇ ਆਖਿਆ ਕਿ ਜ਼ਿਲ੍ਹਾ ਸਿਵਲ ਹਸਪਤਾਲ ’ਚ ਜਲਦ ਹੀ ਨਵਾਂ ਐੱਸਐੱਮਓ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰਾਂ ਵੱਲੋਂ ਮਹਿੰਗੇ ਭਾਅ ਦੀਆਂ ਲਿਖੀਆਂ ਜਾਂਦੀਆਂ ਦਵਾਈਆਂ ਦੇ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਲੋਕਾਂ ਦੀ ਪ੍ਰੇਸ਼ਾਨੀ ਨੂੰ ਦੇਖਦਿਆਂ ਪਰਚੀ ਵਾਲੇ ਕਾਊਂਟਰ ਵੀ ਵਧਾਏ ਜਾ ਰਹੇ ਹਨ।