ਜੈਤੋ ਦੀਆਂ ਸੜਕਾਂ ਦੀ ਮਾੜੀ ਹਾਲਤ ਤੋਂ ਲੋਕ ਪ੍ਰੇਸ਼ਾਨ
ਸਡ਼ਕਾਂ ਦੀ ਮੁਰੰਮਤ ਤੇ ਪਾਣੀ ਦੀ ਨਿਕਾਸੀ ਦਰੁਸਤ ਕਰਨ ਦੀ ਮੰਗ ਕੀਤੀ
ਸਥਾਨਕ ਸ਼ਹਿਰ ਦੀਆਂ ਸੜਕਾਂ ਦਾ ਬਹੁਤ ਮਾੜਾ ਹਾਲ ਹੈ। ਇਸ ਦਾ ਮੁੱਖ ਕਾਰਨ ਸ਼ਹਿਰ ’ਚੋਂ ਪਾਣੀ ਦੀ ਨਾਕਸ ਨਿਕਾਸੀ ਪ੍ਰਬੰਧ ਹਨ। ਸਿੱਟੇ ਵਜੋਂ ਸੜਕਾਂ ’ਤੇ ਰੁਕਦਾ ਪਾਣੀ ਪ੍ਰੀਮਿਕਸ ਨਾਲ ਬਣੀਆਂ ਸੜਕਾਂ ਨੂੰ ਤੋੜ ਦਿੰਦਾ ਹੈ। ਹੁਣ ਸੜਕਾਂ ’ਤੇ ਥਾਂ-ਥਾਂ ਟੋਏ ਨਜ਼ਰ ਆਉਂਦੇ ਹਨ। ਮੀਂਹ ਦੇ ਦਿਨਾਂ ’ਚ ਸਥਿਤੀ ਹੋਰ ਵੀ ਤਰਸਯੋਗ ਹੋ ਜਾਂਦੀ ਹੈ। ਸੜਕਾਂ ’ਤੇ ਭਰੇ ਪਾਣੀ ਕਾਰਨ ਟੋਏ ਦਿਖਾਈ ਨਹੀਂ ਦਿੰਦੇ ਅਤੇ ਦੋਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।
ਅਕਾਲੀ-ਭਾਜਪਾ ਗੱਠਜੋਡ ਸਰਕਾਰ ਸਮੇਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਸ਼ਹਿਰੋਂ ਬਾਹਰ ਸੇਮ ਨਾਲੇ ’ਚ ਪਾਉਣ ਦੀ ਵਿਉਂਤਬੰਦੀ ਗ਼ਲਤ ਸਾਬਤ ਹੋਈ। ਸ਼ਹਿਰ ਨੀਵੀਂ ਜਗ੍ਹਾ ’ਤੇ ਸੀ ਅਤੇ ਸੇਮ ਨਾਲਾ ਉੱਚੀ ਥਾਂ ਤੋਂ ਲੰਘਦਾ ਸੀ। ਅਜਿਹੇ ’ਚ ਪਾਣੀ ਨੂੰ ਪੰਪਾਂ ਰਾਹੀਂ ਪਾਈਪਾਂ ’ਚ ਧੱਕ ਕੇ ਨਾਲੇ ’ਚ ਸੁੱਟਿਆ ਜਾਣ ਲੱਗਾ। ਉਸ ਗ਼ਲਤੀ ਨੂੰ ਸੁਧਾਰਨ ਲਈ ਮੌਜੂਦਾ ‘ਆਪ’ ਸਰਕਾਰ ਵੱਲੋਂ ਨਵੀਂ ਰੂਪ ਰੇਖ਼ਾ ਉਲੀਕ ਕੇ ਪਾਣੀ ਨੂੰ ਨੀਵੇਂ ਪਾਸੇ ਲਿਜਾਣ ਲਈ ਕਰੋੜਾਂ ਰੁਪਏ ਖ਼ਰਚੇ ਜਾ ਰਹੇ ਹਨ। ਸੀਵਰੇਜ ਬੋਰਡ ਦਾ ਦਾਅਵਾ ਹੈ ਕਿ ਕੰਮ ਮੁਕੰਮਲ ਹੋਣ ’ਤੇ ਸਮੱਸਿਆ ਦੀ ਜੜ੍ਹ ਪੁੱਟੀ ਜਾਵੇਗੀ। ਜਦੋਂ ਤੱਕ ਇਹ ਯੋਜਨਾ ਸਿਰੇ ਨਹੀਂ ਚੜ੍ਹਦੀ, ਤਦ ਤੱਕ ਲੋਕ ਸੰਤਾਪ ਭੋਗਣ ਲਈ ਮਜਬੂਰ ਹਨ। ਇਨ੍ਹੀਂ ਦਿਨੀਂ ਸੀਵਰੇਜ ਦੀ ਸਹੀ ਨਿਕਾਸੀ ਨਾ ਹੋਣ ਕਾਰਣ ਪਾਣੀ ਮੇਨ ਹੋਲਾਂ ਰਾਹੀਂ ਫ਼ੁਹਾਰੇ ਛੱਡਦਾ ਹੋਇਆ, ਗਲ਼ੀਆਂ ’ਚ ਵਿਛ ਰਿਹਾ ਹੈ। ਭਾਵੇਂ ਮੁਸ਼ਕਲ ਤੋਂ ਆਰਜ਼ੀ ਤੌਰ ’ਤੇ ਰਾਹਤ ਲਈ ਸੀਵਰੇਜ ਬੋਰਡ ਸਮੇਂ-ਸਮੇਂ ’ਤੇ ਹੱਥ-ਪੱਲਾ ਮਾਰਦਾ ਰਹਿੰਦਾ ਹੈ, ਪਰ ਮੀਂਹ ਦੇ ਦਿਨਾਂ ’ਚ ਹਾਲਾਤ ਕਾਬੂ ਤੋਂ ਬਾਹਰ ਹੋ ਜਾਂਦੇ ਹਨ। ਬਰਸਾਤੀ ਦਿਨਾਂ ’ਚ ਸੜਕਾਂ ’ਤੇ ਮੇਲ੍ਹਦੇ ਪਾਣੀ ਕਾਰਣ ਸੜਕਾਂ ਟੁੱਟ ਚੁੱਕੀਆਂ ਹਨ। ਸ਼ਹਿਰ ਨੂੰ ਕੋਟਕਪੂਰਾ, ਬਾਜਾਖਾਨਾ, ਮੁਕਤਸਰ, ਬਰਗਾੜੀ ਅਤੇ ਬਠਿੰਡਾ ਨਾਲ ਜੋੜਦੀਆਂ ਮੁੱਖ ਸੜਕਾਂ ਹੁਣ ਖਸਤਾ ਹਾਲ ਹਨ। ਬਠਿੰਡਾ ਅਤੇ ਕੋਟਕਪੂਰਾ ਤਰਫ਼ ਜਾਣ ਵਾਲੀਆਂ ਬੱਸਾਂ ਇੱਥੇ ਬੱਸ ਅੱਡੇ ਵਿੱਚ ਨਹੀਂ ਆਉਂਦੀਆਂ, ਸਗੋਂ ਬਾਹਰੋਂ-ਬਾਹਰ ਬੱਸ ਸਟੈਂਡ ਵਾਲੇ ਚੌਕ ਅਤੇ ਬਾਜਾ ਚੌਕ ’ਚੋਂ ਸਵਾਰੀਆਂ ਚੜ੍ਹਾਉਂਦੀਆਂ ਅਤੇ ਉਤਾਰਦੀਆਂ ਹਨ। ਅਜਿਹੇ ’ਚ ਬੱਸ ਮੁਸਾਫ਼ਰਾਂ ਨੂੰ ਪਾਣੀ ’ਚ ਹੀ ਉੱਤਰਨਾ-ਚੜ੍ਹਨਾ ਪੈਂਦਾ ਹੈ। ਮੁਸਾਫ਼ਿਰਾਂ ਦੀ ਮੰਗ ਹੈ ਕਿ ਉਸਾਰੀ ਅਧੀਨ ਸੀਵਰੇਜ ਸਿਸਟਮ ਨੂੰ ਜਲਦੀ ਨੇਪਰੇ ਚੜ੍ਹਾਉਣ ਤੋਂ ਇਲਾਵਾ ਟੁੱਟੀਆਂ ਸੜਕਾਂ ਦੀ ਮੁਰੰਮਤ ਜਲਦੀ ਕੀਤੀ ਜਾਵੇ।

