ਕਸਬਾ ਮੁੱਦਕੀ ਦੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਤੇ ਰੇਹੜੀ-ਫੜ੍ਹੀ ਵਾਲਿਆਂ ਦੇ ਨਾਜਾਇਜ਼ ਕਬਜ਼ੇ ਬਰਕਰਾਰ ਹਨ। ਇਸ ਸਬੰਧੀ ਲੋਕਾਂ ਵੱਲੋਂ ਦਫ਼ਤਰ ਨਗਰ ਪੰਚਾਇਤ ਵਿੱਚ ਮੰਗ ਪੱਤਰ ਵੀ ਦਿੱਤਾ ਜਾ ਚੁੱਕਾ ਹੈ। ਬਾਜ਼ਾਰ ਵਿਚ ਆਉਣ ਵਾਲੇ ਲੋਕ ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਪ੍ਰੇਸ਼ਾਨ ਹਨ। ਲੋਕਾਂ ਦੀਆਂ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਇਸ ਦੌਰਾਨ ਹੋਏ ਫ਼ੈਸਲੇ ਅਨੁਸਾਰ ਸਰਕਾਰੀ ਕਰਮਚਾਰੀ ਪੁਰਾਣੇ ਮੁੱਖ ਮਾਰਗ ਦੇ ਦੋਨੋਂ ਪਾਸੇ 30 ਫੁੱਟ ਤੱਕ ਨਿਸ਼ਾਨਦੇਹੀ ਵੀ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਕਬਜ਼ੇ ਬਰਕਰਾਰ ਹਨ। ਕੁਲਵੰਤ ਰਾਏ ਕਟਾਰੀਆ, ਰਾਜੇਸ਼ ਗੁਪਤਾ, ਮਹੇਸ਼ ਕੁਮਾਰ ਗਰਗ, ਭਾਰਤ ਭੂਸ਼ਣ ਗੁਪਤਾ, ਬਲਬੀਰ ਸਿੰਘ ਸੰਧੂ, ਰਵਿੰਦਰ ਗਰਗ, ਮਹਿੰਦਰ ਪਾਲ ਗਰਗ ਤੇ ਜਸਵਰਨ ਸਿੰਘ ਔਲਖ ਨੇ ਕਿਹਾ ਕਿ ਇਸ ਮਾਮਲੇ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਜੇਕਰ ਮਾਮਲੇ ’ਚ ਕੋਈ ਕਾਰਵਾਈ ਨਾ ਹੋਈ ਤਾਂ ਜਲਦ ਹੀ ਹਾਈ ਕੋਰਟ ਦਾ ਰੁੱਖ ਕੀਤਾ ਜਾਵੇਗਾ। ਲੋਕਾਂ ਨੇ ਇਸ ਮਾਮਲੇ ਵਿਚ ਭ੍ਰਿਸ਼ਟਾਚਾਰ ਦੇ ਵੀ ਦੋਸ਼ ਲਾਏ ਹਨ।
ਜਲਦ ਕਰਾਂਗੇ ਕਾਰਵਾਈ: ਈਓ
ਕਾਰਜ ਸਾਧਕ ਅਫ਼ਸਰ ਜਗਦੀਸ਼ ਰਾਏ ਗਰਗ ਨੇ ਹਰ ਵਾਰ ਦੀ ਤਰ੍ਹਾਂ ਇਹੀ ਕਿਹਾ ਕਿ ਜਲਦ ਹੀ ਕਾਰਵਾਈ ਕਰਾਂਗੇ। ਉਨ੍ਹਾਂ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰੀ ਤੋਂ ਵੀ ਇਨਕਾਰ ਕੀਤਾ।