ਕਿੰਨਰਾਂ ਵੱਲੋਂ ਵਧਾਈ ਦੀ ਮੋਟੀ ਰਕਮ ਵਸੂਲਣ ਤੋਂ ਲੋਕ ਪ੍ਰੇਸ਼ਾਨ
ਸ਼ਹਿਰ ਵਿੱਚ ਕਿੰਨਰਾਂ ਦੀ ਵਧਾਈ ਦੀ ਮੋਟੀ ਰਕਮ ਲੈਣ ਕਾਰਨ ਲੋਕ ਪ੍ਰੇਸ਼ਾਨ ਹਨ। ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨੇ ਕਿੰਨਰਾਂ ਦੀ ਧੱਕੇਸ਼ਾਹੀ ਨੂੰ ਠੱਲ੍ਹ ਪਾਉਣ ਲਈ ਸੁਧਾਰ ਕਮੇਟੀ ਬਣਾਈ ਹੈ ਅਤੇ ਵਧਾਈ ਦੇਣ ਦੀ 1100, 2100 ਅਤੇ 5100 ਸੌ ਰੁਪਏ ਤੈਅ ਕੀਤੇ ਹੋਏ ਹਨ। ਪੰਚਾਇਤ ਵੱਲੋਂ ਕਿੰਨਰਾਂ ਨੂੰ ਇਸ ਮਿਥੀ ਰਾਸ਼ੀ ਮੁਤਾਬਕ ਸ਼ਗਨ ਲੈਣ ਬਾਰੇ ਬਕਾਇਦਾ ਜਾਣੂ ਵੀ ਕਰਵਾਇਆ ਹੋਇਆ ਹੈ। ਇਸ ਦੇ ਬਾਵਜੂਦ ਕਿੰਨਰ ਮੋਟੀਆਂ ਰਕਮਾਂ ਮੰਗ ਕੇ ਪਰਿਵਾਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਅੱਜ ਰਾਮ ਬਲਾਸ ਬਸਤੀ ਵਿੱਚ ਵਾਪਰਿਆ। ਲੜਕੇ ਦੇ ਜਨਮ ਦੀ ਵਧਾਈ ਲੈਣ ਪਹੁੰਚੇ ਕਿੰਨਰ ਇੱਕ ਫਲਾਂ ਦੀ ਰੇਹੜੀ ਲਾਉਣ ਵਾਲੇ ਗਰੀਬ ਪਰਿਵਾਰ ਤੋਂ 11000 ਰੁਪਏ ਲੈਣ ਦੀ ਜ਼ਿੱਦ ’ਤੇ ਅੜ ਗਏ ਜਦੋਂ ਕਿ ਪਰਿਵਾਰ ਆਪਣੀ ਹੈਸੀਅਤ ਅਨੁਸਾਰ ਉਨ੍ਹਾਂ ਨੂੰ 2100 ਰੁਪਏ ਦੇ ਰਿਹਾ ਸੀ। ਪ੍ਰੇਸ਼ਾਨ ਹੋਏ ਪਰਿਵਾਰ ਨੇ ਸੁਧਾਰ ਕਮੇਟੀ ਦੇ ਮੈਂਬਰਾਂ ਨਾਲ ਸੰਪਰਕ ਕੀਤਾ। ਕਮੇਟੀ ਮੈਂਬਰ ਕੌਂਸਲਰ ਪ੍ਰਿੰਸ ਗੋਲਨ, ਸਮਾਜ ਸੇਵੀ ਮਨਦੀਪ ਭਲੇਰੀਆ ਅਤੇ ਪਰਮਜੀਤ ਪੰਪਾ ਦੀ ਮੌਜੂਦਗੀ ਵਿੱਚ ਪਰਿਵਾਰ ਨੇ 3100 ਰੁਪਏ ਦੇ ਕੇ ਖਹਿੜਾ ਛੁਡਾਇਆ। ਕਿੰਨਰ ਕਮੇਟੀ ਮੈਂਬਰਾਂ ਤੋਂ ਵੀ ਕਾਫੀ ਖ਼ਫਾ ਹਨ। ਉਹ ਆਪਣੀ ਧੱਕੇਸ਼ਾਹੀ ਨੂੰ ਬਰਕਰਾਰ ਰੱਖਣ ਲਈ ਕਮੇਟੀ ਮੈਂਬਰਾਂ ਨਾਲ ਦੁਰਵਿਵਹਾਰ ਕਰਦੇ ਹਨ। ਅੱਜ ਦੋ ਕਿੰਨਰਾਂ ਵਿੱਚੋਂ ਇੱਕ ਕਿੰਨਰ ਨੇ ਕਮੇਟੀ ਮੈਂਬਰਾਂ ਨੂੰ ਕਾਫੀ ਬੁਰਾ ਭਲਾ ਕਿਹਾ। ਇਸ ਮਾਮਲੇ ਵਿੱਚ ਸੁਧਾਰ ਕਮੇਟੀ ਨੇ ਜਲਦੀ ਹੀ ਮੀਟਿੰਗ ਕਰਨ ਦਾ ਫੈਸਲਾ ਲਿਆ ਹੈ। ਕਮੇਟੀ ਮੈਂਬਰਾਂ ਨੇ ਬਾਕੀ ਕਮੇਟੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਸੱਦੇ ਜਾਣ ’ਤੇ ਜਰੂਰ ਪਹੁੰਚਿਆ ਕਰਨ।