ਭੈਣੀ-ਮੋਗਾ ਪੇਂਡੂ ਸਰਕਾਰੀ ਬੱਸ ਸੇਵਾ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ
ਇੱਕ ਦਰਜਨ ਤੋਂ ਪਿੰਡਾਂ ਦੇ ਲੋਕਾਂ ਦੇ ਮੰਗ ਦੇ ਬਾਵਜੂਦ ਰੋਡਵੇਜ਼ ਅਧਿਕਾਰੀ ਨਹੀਂ ਦੇ ਰਹੇ ਧਿਆਨ; ਮਹੀਨੇ ਤੋਂ ਬੰਦ ਪਈ ਹੈ ਬੱਸ ਸੇਵਾ
ਹਲਕੇ ਦੇ ਪਿੰਡ ਭੈਣੀ ਤੋਂ ਮੋਗਾ ਲਈ ਚੱਲਦੀ ਸਰਕਾਰੀ ਮਿੰਨੀ ਪੇਂਡੂ ਬੱਸ ਇੱਕ ਹਫ਼ਤੇ ਤੋਂ ਬੰਦ ਪਈ ਹੈ। ਇਸ ਬੱਸ ਦੇ ਬੰਦ ਹੋਣ ਨਾਲ ਦਰਜਨ ਤੋਂ ਵੀ ਵੱਧ ਪਿੰਡਾਂ ਦੇ ਲੋਕਾਂ ਦੇ ਖੱਜਲ ਖ਼ੁਆਰ ਹੋ ਰਹੇ ਹਲ। ਪਿੰਡਾਂ ਦੇ ਲੋਕਾਂ ਵਲੋਂ ਮੰਗ ਕਰਨ ਦੇ ਬਾਵਜੂਦ ਰੋਡਵੇਜ਼ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਹੇ ਹਨ। ਜਾਣਕਾਰੀ ਮੁਤਾਬਕ ਤੱਤਕਾਲੀ ਅਕਾਲੀ ਸਰਕਾਰ ਵੇਲੇ ਮਰਹੂਮ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਇਨ੍ਹਾਂ ਪਿੰਡਾਂ ਦੇ ਲੋਕਾਂ ਦੀ ਸਫ਼ਰ ਸਹੂਲਤ ਨੂੰ ਦੇਖਦੇ ਹੋਏ ਇਸ ਪੇਂਡੂ ਬੱਸ ਦੀ ਸ਼ੁਰੂਆਤ ਕਰਵਾਈ ਸੀ। ਉਸ ਵੇਲੇ ਤੋਂ ਲੈ ਕੇ ਇਹ ਮਿੰਨੀ ਸਰਕਾਰੀ ਬੱਸ ਨਿਰੰਤਰ ਚੱਲ ਰਹੀ ਸੀ। ਸਰਕਾਰ ਵੱਲੋਂ ਬਕਾਇਦਾ ਇਸਦਾ ਰੂਟ ਪਰਮਿਟ ਜਾਰੀ ਕੀਤਾ ਹੋਇਆ ਹੈ। ਇਸ ਬੱਸ ਦੀ ਸ਼ੁਰੂਆਤ ਤੋਂ ਬਾਅਦ ਇਸ ਪਾਸੇ ਪਹਿਲਾਂ ਤੋਂ ਚੱਲ ਰਹੀ ਪ੍ਰਾਈਵੇਟ ਮਿੰਨੀ ਬੱਸ ਸੇਵਾ ਬੰਦ ਕਰ ਦਿੱਤੀ ਗਈ ਸੀ। ਇਸ ਬੱਸ ਨੂੰ ਖੇਤਰ ਦੇ ਹੀ ਕੰਡਕਟਰ ਅਤੇ ਡਰਾਈਵਰ ਚਲਾਉਂਦੇ ਆ ਰਹੇ ਸਨ। 21 ਸਤੰਬਰ ਤੋਂ ਇਹ ਬੱਸ ਪਹਿਲਾਂ ਟਾਈਮ ਮੋਗੇ ਲਈ ਚੱਲੀ ਸੀ ਲੇਕਿਨ ਇਸ ਦੀ ਅੱਜ ਤੱਕ ਵਾਪਸੀ ਨਹੀਂ ਹੋ ਸਕੀ ਹੈ। ਪਿੰਡ ਰਾਊਵਾਲਾ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ ਫ਼ੌਜੀ ਅਤੇ ਭੈਣੀ ਦੇ ਗੁਰਜੰਟ ਸਿੰਘ ਦੱਸਿਆ ਕਿ ਰੋਡਵੇਜ਼ ਮੋਗਾ ਡਿੱਪੂ ਦੇ ਅਧਿਕਾਰੀਆਂ ਨੇ ਡਰਾਈਵਰ ਛੁੱਟੀ ਉੱਤੇ ਜਾਣ ਦਾ ਬਹਾਨਾ ਬਣਾ ਕੇ ਬੱਸ ਬੰਦ ਕਰ ਰੱਖੀ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਵੱਲੋਂ ਮੁਸਾਫ਼ਰਾਂ ਦੀ ਖੱਜਲ-ਖ਼ੁਆਰੀ ਦੀ ਬੇਧਿਆਨੀ ਕੀਤੀ ਜਾ ਰਹੀ ਹੈ ਅਤੇ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਲੋਕਾਂ ਨੂੰ ਮਹਿੰਗਾ ਈ-ਰਿਕਸ਼ਾ ਸਫ਼ਰ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸਣਯੋਗ ਹੈ ਕਿ ਸੱਤਲੁਜ ਦਰਿਆ ਕਿਨਾਰੇ ਵੱਸਦੇ ਪਿੰਡਾਂ ਦੇ ਲੋਕਾਂ ਲਈ ਇਹ ਸਰਕਾਰੀ ਮਿੰਨੀ ਬੱਸ ਸਰਵਿਸ ਮੋਗਾ ਜ਼ਿਲ੍ਹਾ ਹੈੱਡਕੁਆਰਟਰ ਆਣ ਜਾਣ ਦਾ ਇੱਕਮਾਤਰ ਸਾਧਨ ਹੈ। ਦਿਨ ਵਿੱਚ ਬੱਸ ਚਾਰ ਵਾਰ ਆਉਣ-ਜਾਣ ਕਰਦੀ ਹੈ ਜਿਸ ਉੱਤੇ ਵੱਡੀ ਗਿਣਤੀ ਵਿੱਚ ਬਜ਼ੁਰਗ, ਔਰਤਾਂ, ਵਿਦਿਆਰਥੀ ਅਤੇ ਬੱਚੇ ਸਫ਼ਰ ਕਰਦੇ ਆ ਰਹੇ ਸਨ।
ਬੱਸ ਚਲਦੀ ਕਰ ਦਿੱਤੀ ਜਾਵੇਗੀ: ਅਧਿਕਾਰੀ
ਰੋਡਵੇਜ਼ ਮੋਗਾ ਡਿਪੂ ਦੇ ਜਰਨਲ ਮੈਨੇਜਰ ਸੁਖਜੀਤ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਬੱਸ ਵਿੱਚ ਖ਼ਰਾਬੀ ਕਾਰਨ ਉਸ ਨੂੰ ਬੰਦ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕੱਲ੍ਹ ਤੋਂ ਬੱਸ ਰੂਟ ਉਪਰ ਚੜ੍ਹ ਜਾਵੇਗੀ।