ਬਠਿੰਡਾ ’ਚ ਭਾਗੂ ਰੋਡ ਨੂੰ ਚੌੜਾ ਕਰਨ ਲਈ ਰਾਹ ਪੱਧਰਾ
ਲੰਮੇ ਸਮੇਂ ਤੋਂ ਚੱਲ ਰਿਹਾ ਵਿਵਾਦ ਮੁੱਕਿਆ; ਮੇਅਰ ਤੇ ਦੁਕਾਨਦਾਰਾਂ ’ਚ ਬਣੀ ਸਹਿਮਤੀ
ਸਥਾਨਕ ਭਾਗੂ ਰੋਡ ਦੇ ਦੁਕਾਨਦਾਰਾਂ ਦੇ ਵਫ਼ਦ ਅਤੇ ਨਗਰ ਨਿਗਮ ਦੇ ਮੇਅਰ ਪਦਮਜੀਤ ਮਹਿਤਾ ਦਰਮਿਆਨ ਅੱਜ ਹੋਈ ਗੱਲਬਾਤ ਸਦਕਾ ਭਾਗੂ ਰੋਡ ਨੂੰ ਚੌੜੀ ਕਰਨ ਲਈ ਰਾਹ ਪੱਧਰਾ ਹੋ ਗਿਆ।
ਇਸ ਦੇ ਨਾਲ ਹੀ ਰੋਡ ਨੂੰ ਚੌੜਾ ਕਰਨ ਲਈ ਲੰਮੇ ਅਰਸੇ ਤੋਂ ਚੱਲ ਰਹੇ ਰੇੜਕੇ ਨੂੰ ਅੱਜ ਵਿਰਾਮ ਲੱਗ ਗਿਆ। ਰੋਡ ਚੌੜੀ ਕਰਨ ਲਈ ਪ੍ਰਸ਼ਾਸਨ ਨੂੰ ਹਮਾਇਤ ਦੇਣ ਦਾ ਐੈਲਾਨ ਕਰਦਿਆਂ ਦੁਕਾਨਦਾਰਾਂ ਨੇ ਦੁਕਾਨਾਂ ਖਾਲੀ ਕਰਨ ਲਈ ਤਿਉਹਾਰਾਂ ਦੇ ਸੀਜ਼ਨ ਤੱਕ ਮੋਹਲਤ ਦੀ ਮੰਗ ਕੀਤੀ, ਜੋ ਮੇਅਰ ਵੱਲੋਂ ਪ੍ਰਵਾਨ ਕਰ ਲਈ ਗਈ। ਮੇਅਰ ਮਹਿਤਾ ਨੇ ਕਿਹਾ ਕਿ ਨਿਗਮ ਵੱਲੋਂ ਲੰਮੇ ਸਮੇਂ ਤੋਂ ਭਾਗੂ ਰੋਡ ਨੂੰ ਚੌੜਾ ਕਰਨ ਦੀਆਂ ਕੋਸ਼ਿਸ਼ਾਂ ਇਸ ਲਈ ਜਾਰੀ ਸਨ ਕਿਉਂਕਿ ਸ਼ਹਿਰ ਵਿੱਚ ਲਗਾਤਾਰ ਵਧਦੀ ਆਵਾਜਾਈ ਅਤੇ ਭੀੜ ਦੇ ਮੱਦੇਨਜ਼ਰ ਇਹ ਕਦਮ ਜ਼ਰੂਰੀ ਸੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿੱਚ ਭਾਗੂ ਰੋਡ ਨੂੰ 60 ਫੁੱਟ ਚੌੜਾ ਕਰਨ ਦੀ ਤਜਵੀਜ਼ ਸੀ, ਪਰ ਦੁਕਾਨਦਾਰਾਂ ਅਤੇ ਸਥਾਨਕ ਨਿਵਾਸੀਆਂ ਨੇ ਸੜਕ ਨੂੰ 50 ਫੁੱਟ ਤੱਕ ਚੌੜਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਦੀ ਸਲਾਹ ਮੁਤਾਬਿਕ ਸੜਕ ਨੂੰ ਹੁਣ 50 ਫੁੱਟ ਚੌੜੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਨੇ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਖਾਲੀ ਕਰਨ ਅਤੇ ਢਾਹੁਣ ਲਈ ਸਮਾਂ ਮੰਗਿਆ ਹੈ। ਇਸ ਬੇਨਤੀ ਨੂੰ ਸਵੀਕਾਰ ਕਰਦੇ ਹੋਏ, ਉਨ੍ਹਾਂ ਨੂੰ 30 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸੜਕ ਚੌੜੀ ਕਰਨ ਲਈ ਸੜਕ ਦੇ ਦੋਵੇਂ ਪਾਸੀਂ ਸਥਿਤ ਦੁਕਾਨਾਂ ਅਤੇ ਘਰਾਂ ਦੇ ਹਿੱਸੇ ਢਾਹੇ ਜਾਣਗੇ। ਮੇਅਰ ਨੇ ਕਿਹਾ ਕਿ ਭਾਗੂ ਰੋਡ ਚੌੜੀ ਹੋਣ ਨਾਲ ਜਿੱਥੇ ਟਰੈਫਿਕ ਵਿਵਸਥਾ ਵਿੱਚ ਸੁਧਾਰ ਹੋਵੇਗਾ, ਉਥੇ ਵਪਾਰਿਕ ਗਤੀਵਿਧੀਆਂ ਨੂੰ ਵੀ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਇਹ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ ਕਿ ਵਿਕਾਸ ਕਾਰਜ ਦੌਰਾਨ ਕਿਸੇ ਨੂੰ ਵੀ ਬੇਲੋੜੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ, ਇਸੇ ਕਰਕੇ ਦੁਕਾਨਦਾਰਾਂ ਨੂੰ ਸਮਾਂ ਦਿੱਤਾ ਗਿਆ ਹੈ।