ਸਰਕਾਰੀ ਲਾਰੀਆਂ ਦੇ ਚੱਕਾ ਜਾਮ ਕਾਰਨ ਸਵਾਰੀਆਂ ਖੁਆਰ
ਕੱਚੇ ਬੱਸ ਕਰਮਚਾਰੀ ‘ਪੱਕੇ’ ਹੋਣ ਸਣੇ ਸਮੇਂ ਸਿਰ ਤਨਖਾਹ ਦੇਣ, ਸਰਕਾਰੀ ਬੱਸ ਫਲੀਟ ’ਚ ਹੋਰ ਬੱਸਾਂ ਪਾਉਣ ਸਮੇਤ ਕੁੱਝ ਹੋਰ ਮੰਗਾਂ ਨੂੰ ਲੈ ਕੇ ਦੋ ਘੰਟਿਆਂ ਲਈ ਬੱਸ ਅੱਡੇ ਸਾਹਮਣੇ ਧਰਨੇ ’ਤੇ ਬੈਠੇ। ਇਸ ਦੌਰਾਨ ਸਵਾਰੀਆਂ ਖੱਜਲ ਖੁਆਰ ਹੋਈਆਂ। ਧਰਨਾਕਾਰੀ...
ਕੱਚੇ ਬੱਸ ਕਰਮਚਾਰੀ ‘ਪੱਕੇ’ ਹੋਣ ਸਣੇ ਸਮੇਂ ਸਿਰ ਤਨਖਾਹ ਦੇਣ, ਸਰਕਾਰੀ ਬੱਸ ਫਲੀਟ ’ਚ ਹੋਰ ਬੱਸਾਂ ਪਾਉਣ ਸਮੇਤ ਕੁੱਝ ਹੋਰ ਮੰਗਾਂ ਨੂੰ ਲੈ ਕੇ ਦੋ ਘੰਟਿਆਂ ਲਈ ਬੱਸ ਅੱਡੇ ਸਾਹਮਣੇ ਧਰਨੇ ’ਤੇ ਬੈਠੇ। ਇਸ ਦੌਰਾਨ ਸਵਾਰੀਆਂ ਖੱਜਲ ਖੁਆਰ ਹੋਈਆਂ। ਧਰਨਾਕਾਰੀ ਦੋਸ਼ ਲਾ ਰਹੇ ਸਨ ਕਿ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਜਾਣ-ਬੁੱਝ ਕੇ ਨਜ਼ਰਅੰਦਾਜ਼ ਕਰਦੀ ਹੈ, ਇਸ ਲਈ ਉਹ ਮੌਕੇ ਅਨੁਸਾਰ ਪ੍ਰਦਰਸ਼ਨ ਕਰਦੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਮੁੱਖ ਮੰਤਰੀ ਬਠਿੰਡਾ ਜ਼ਿਲ੍ਹੇ ’ਚ ਦੋ ਵਾਰ ਪਿੰਡ ਕਾਲਝਰਾਣੀ ਅਤੇ ਸ਼ਹਿਰ ਰਾਮਪੁਰਾ ਆਏ। ਬੱਸ ਕਾਮਿਆਂ ਵੱਲੋਂ ਮੁੱਖ ਮੰਤਰੀ ਦੇ ਸਮਾਗਮਾਂ ਵਿੱਚ ਬੱਸਾਂ ਲਿਜਾਣ ਤੋਂ ਸਾਫ਼ ਇਨਕਾਰ ਕੀਤਾ ਗਿਆ। ਅੱਜ ਦੋ ਘੰਟਿਆਂ ਦੇ ਧਰਨੇ ਦੌਰਾਨ ਕੋਈ ਵੀ ਬੱਸ ਨਾ ਤਾਂ ਬੱਸ ਅੱਡੇ ਅੰਦਰ ਜਾਣ ਅਤੇ ਨਾ ਹੀ ਬਾਹਰ ਨਿਕਲਣ ਦਿੱਤੀ ਗਈ। ਬੱਸ ਅੱਡੇ ਦੇ ਗੇਟ ਵਾਲੇ ਚੌਕ ’ਤੇ ਧਰਨਾ ਲੱਗਣ ਕਾਰਨ ਸੜਕਾਂ ’ਤੇ ਦੂਰ-ਦੂਰ ਤੱਕ ਗੱਡੀਆਂ ਜਾਮ ਵਿੱਚ ਫਸ ਗਈਆਂ। ਲੰਮੇ ਸਮੇਂ ਦੀ ਮੁਸ਼ੱਕਤ ਨਾਲ ਟਰੈਫ਼ਿਕ ਪੁਲੀਸ ਨੇ ਫਸੇ ਵਾਹਨਾਂ ਨੂੰ ਸ਼ਹਿਰ ਦੀਆਂ ਹੋਰਨਾਂ ਸੜਕਾਂ ਰਾਹੀਂ ਉਨ੍ਹਾਂ ਦੀਆਂ ਮੰਜ਼ਿਲਾਂ ਵੱਲ ਵਧਾਇਆ।
ਜ਼ੀਰਾ (ਹਰਮੇਸ਼ ਪਾਲ ਨੀਲੇਵਾਲਾ): ਇੱਥੇ ਘੰਟਾ ਘਰ ਮੁੱਖ ਚੌਕ ਵਿੱਚ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਵਰਕਰਜ਼ ਯੂਨੀਅਨ ਵੱਲੋਂ ਅੱਜ 12 ਤੋਂ 2 ਵਜੇ ਤੱਕ ਸੜਕਾਂ ਜਾਮ ਕਰਕੇ ਰੋਸ ਧਰਨਾ ਲਗਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਘੰਟਾ ਘਰ ਮੁੱਖ ਸੰਬੋਧਨ ਕਰਦਿਆਂ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਚੇਅਰਮੈਨ ਜਗਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼,ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਨੇ ਅੱਜ ਪੂਰੇ ਪੰਜਾਬ ਦੇ ਬੱਸ ਅੱਡੇ ਬੰਦ ਕਰਕੇ ਪੰਜਾਬ ਸਰਕਾਰ ਵੱਲੋਂ ਮੁਲਾਜਮਾਂ ਦੀਆਂ ਦੋ ਮਹੀਨੇ ਦੀਆਂ ਤਨਖਾਹਾਂ ਨਾ ਦੇਣ ,ਕਿਲੋਮੀਟਰ ਸਕੀਮ ਬੱਸਾਂ ਦਾ ਟੈਂਡਰ ਰੱਦ ਨਾ ਕਰਨ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕਰਨ ਦੇ ਵਿਰੋਧ ਵਿੱਚ ਧਰਨੇ ਲਗਾਏ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਮੰਗਾਂ ਵੱਲ ਜਲਦ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਜਾਵੇਗੀ । ਇਸ ਮੌਕੇ ਸੁਖਚੈਨ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਸਿੰਘ, ਰਾਜਿੰਦਰ ਹਾਂਡਾ, ਜਸਵੰਤ ਸਿੰਘ ਆਦਿ ਹਾਜ਼ਰ ਸਨ ।