ਸਿੱਖਾਂ ਦੀ ਰਾਜਨੀਤਕ ਮਜ਼ਬੂਤੀ ਲਈ ਪੰਥਕ ਏਕਤਾ ਜ਼ਰੂਰੀ: ਮਾਨ
ਵਿਦੇਸ਼ਾਂ ’ਚ ਸਿੱਖਾਂ ਦੇ ਕਤਲ ਲਈ ਕੇਂਦਰ ਨੂੰ ਜ਼ਿੰਮੇਵਾਰ ਦੱਸਿਆ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇਥੇ ਕਾਨਫਰੰਸ ਦੌਰਾਨ ਪੰਥਕ ਏਕਤਾ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਅਤੇ ਉਨ੍ਹਾਂ ਕੇਂਦਰ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਉਨ੍ਹਾਂ ਦਿੱਲੀ ਬੰਬ ਧਮਕੇ ਲਈ ਦੇਸ਼ ਦੇ ਗ੍ਰਹਿ ਮੰਤਰੀ ਨੂੰ ਅਮਿਤ ਸਾਹ ਨੂੰ ਜ਼ਿੰਮੇਵਾਰ ਦੱਸਿਆ। ਸ੍ਰੀ ਮਾਨ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਤੁਰੰਤ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਿੱਖਾਂ ਦੀਆਂ ਵਿਦੇਸ਼ਾਂ ’ਤੇ ਹੋ ਰਹੀਆਂ ਹੱਤਿਆਵਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕੈਨੇਡਾ ਤੇ ਮੁਲਕਾਂ ਵਿੱਚ ਸਿੱਖਾਂ ਨੂੰ ਮਿੱਥ ਕੇ ਕਤਲ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਸੰਸਦ ਵਿੱਚ ਸਵੀਕਾਰਿਆ ਸੀ। ਉਨ੍ਹਾਂ ਐਲਾਨ ਕੀਤਾ ਕਿ ਆਗਾਮੀ 23 ਨਵੰਬਰ ਨੂੰ ਦੀਨਾ ਕਾਂਗੜ ਦੀ ਧਰਤੀ ’ਤੇ ਵੱਡਾ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਸਿੱਖ ਕੌਮ ਦੇ ਹੱਕਾਂ ਤੇ ਧੱਕੇਸ਼ਾਹੀ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਜ਼ਿਮਨੀ ਚੋਣਾਂ ਬਾਰੇ ਸ੍ਰੀ ਮਾਨ ਨੇ ਕਿਹਾ ਕਿ ਜੇ ਪੰਥਕ ਧਿਰਾਂ ਨੇ ਸਾਂਝਾ ਉਮੀਦਵਾਰ ਮੰਨਿਆ ਹੁੰਦਾ ਤਾਂ ਵਾਰਿਸ ਪੰਜਾਬ ਦੇ ਉਮੀਦਵਾਰ ਦੀ ਜਿੱਤ ਸੰਭਵ ਸੀ। ਉਨ੍ਹਾਂ ਕਿਹਾ ਕਿ ਸਿੱਖ ਰਾਜਨੀਤਕ ਤੌਰ ’ਤੇ ਮਜ਼ਬੂਤ ਉਦੋਂ ਹੀ ਹੋ ਸਕਦੇ ਹਨ ਜੇ ਪੰਥਕ ਏਕਤਾ ਨੂੰ ਅਮਲ ਵਿੱਚ ਲਿਆਂਦਾ ਜਾਵੇ। ਉਨ੍ਹਾਂ ਪੰਥਕ ਏਕਤਾ ਲਈ ਸੁਖਬੀਰ ਸਿੰਘ ਬਾਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ ਵੀ ਸਮਝੌਤਾ ਹੋ ਸਕਦਾ ਹੈ। ਉਨ੍ਹਾਂ ਮਜ਼ਾਹੀਆ ਲਹਿਜ਼ੇ ’ਚ ਆਖਿਆ, ‘ਹੁਣ ਤਾਂ ਸੁਖਬੀਰ ਨੇ ਵੀ ਦਾੜ੍ਹਾ ਪ੍ਰਕਾਸ਼ ਕਰ ਲਿਆ ਹੈ।’’

