ਪੰਚਾਇਤ ਨੇ ਹੱਥ ਘੁੱਟ ਕੇ 20 ਫੀਸਦੀ ਸਰਕਾਰੀ ਪੈਸਾ ਬਚਾਇਆ
ਬੋਰਡਾਂ ’ਤੇ ਹਿਸਾਬ-ਕਿਤਾਬ ਕੀਤਾ ਨਸ਼ਰ; ਵਿਕਾਸ ਕਾਰਜ ਹੋਰਨਾਂ ਲਈ ਬਣੇ ਮਿਸਾਲ
ਗ੍ਰਾਮ ਪੰਚਾਇਤ ਬੱਲ੍ਹੋ ਨੇ ਵਿਕਾਸ ਕਾਰਜਾਂ ਦੇ ਮਾਮਲੇ ’ਚ ਮਿਸਾਲ ਕਾਇਮ ਕੀਤੀ ਹੈ। ਸਰਪੰਚ ਅਮਰਜੀਤ ਕੌਰ ਨੇ ਆਪਣੇ ਕਾਰਜਕਾਲ ਦੇ ਇੱਕ ਸਾਲ ਦੌਰਾਨ ‘ਸੱਚੀ ਨੀਅਤ ਪੱਕਾ ਵਿਕਾਸ’ ਦੇ ਟੀਚੇ ਤਹਿਤ ਵਿਕਾਸ ਕੰਮ ਕਰਕੇ ਨਵੇਂ ਦਿਸਹੱਦੇ ਸਥਾਪਿਤ ਕੀਤੇ ਹਨ। ਅਹਿਮ ਪੱਖ ਇਹ ਹੈ ਕਿ ਪੰਚਾਇਤ ਨੇ ਵਿਕਾਸ ਕਾਰਜ ਪੰਚਾਇਤ ਮਹਿਕਮੇ ਦੇ ਐਸਟੀਮੈਟ ਤੋਂ ਕਿਤੇ ਘੱਟ ਖ਼ਰਚੇ ’ਤੇ ਕਰਕੇ ਸਰਕਾਰੀ ਪੈਸੇ ਦੀ ਬੱਚਤ ਕਰਕੇ ਹੋਰਨਾਂ ਲਈ ਵਿਲੱਖਣ ਮਿਸਾਲ ਪੈਦਾ ਕੀਤੀ ਹੈ। ਪੰਚਾਇਤ ਨੇ ਵਿਕਾਸ ਕੰਮਾਂ ਉੱਪਰ ਖ਼ਰਚੇ ਪੈਸਿਆਂ ਦਾ ਹਿਸਾਬ-ਕਿਤਾਬ ਪਿੰਡ ਦੀਆਂ ਜਨਤਕ ਥਾਵਾਂ ’ਤੇ ਲਾਏ ਬੋਰਡ ਰਾਹੀਂ ਨਸ਼ਰ ਕੀਤਾ ਹੈ। ਅਜਿਹੇ ਬੋਰਡਾਂ ’ਤੇ ਵਾਰਡ ਦੇ ਪੰਚ ਦਾ ਨਾਮ ਕਾਰਜਕਾਰੀ ਏਜੰਸੀ ਦਾ ਨਾਮ ਪ੍ਰੋਜੈਕਟ ਦਾ ਕੁੱਲ ਐਸਟੀਮੈਟ ਕੰਮ ’ਤੇ ਕੁੱਲ ਖ਼ਰਚ ਅਤੇ ਪੰਚਾਇਤ ਵੱਲੋਂ ਕੀਤੀ ਗਈ ਸਰਕਾਰੀ ਧਨ ਦੀ ਬੱਚਤ ਦੇ ਵੇਰਵੇ ਸਾਂਝੇ ਕੀਤੇ ਗਏ ਹਨ। ਹਰਬੰਸ ਸਿੰਘ ਪੰਚ ਅਤੇ ਹਰਵਿੰਦਰ ਕੌਰ ਪੰਚ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਇਮਾਨਦਾਰੀ ਦੀ ਮਿਸਾਲ ਪੇਸ਼ ਕਰਦਿਆਂ ਵਿਕਾਸ ਕਾਰਜਾਂ ਉੱਪਰ ਤਕਰੀਬਨ 50 ਲੱਖ ਰੁਪਏ ਖਰਚੇ ਹਨੇ। ਇਸ ਪੈਸੇ ’ਚੋਂ 10 ਲੱਖ ਰੁਪਏ ਦੀ ਵੱਧ ਤੋਂ ਬੱਚਤ ਕਰਕੇ ਹੁਣ ਬਚੇ ਪੈਸਿਆਂ ਨਾਲ ਹੋਰ ਵਿਕਾਸ ਕੰਮ ਕਰਵਾਏ ਜਾਣਗੇ। ਇਸ ਤੋਂ ਇਲਾਵਾ ਗ੍ਰਾਮ ਪੰਚਾਇਤ ਦੇ ਯਤਨਾਂ ਸਦਕਾ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਇਸੇ ਤਰ੍ਹਾਂ ਪੰਜਾਬ ਰਾਜ ਮੰਡੀ ਬੋਰਡ ਨੇ ਅਨਾਜ ਮੰਡੀ ਵਾਲੀ ਸੜਕ ਦਾ ਨਿਰਮਾਣ ਕਰਵਾਉਣ ’ਤੇ 26 ਲੱਖ ਰੁਪਏ ਖਰਚ ਕੀਤੇ ਹਨ। ਕੁੱਲ ਮਿਲਾ ਕੇ ਗ੍ਰਾਮ ਪੰਚਾਇਤ ਨੇ ਇੱਕ ਸਾਲ ਦੌਰਾਨ 1 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਹਨ। ਸਰਪੰਚ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਫੰਡਾਂ ਦੇ ਖ਼ਰਚੇ ਦਾ ਹਿਸਾਬ-ਕਿਤਾਬ ਗ੍ਰਾਮ ਸਭਾ ਦੇ ਆਮ ਇਜਲਾਸ ਮੌਕੇ ਦਿੱਤਾ ਜਾਦਾ ਹੈ, ਤਾਂ ਕਿ ਪੰਚਾਇਤ ਦੀ ਨੀਅਤ ਦਾ ਪਤਾ ਪਿੰਡ ਦੇ ਹਰ ਬਾਸ਼ਿੰਦੇ ਨੂੰ ਲੱਗ ਸਕੇ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਨੇ ਕੇਂਦਰ ਦੀ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਪਾਣੀ ਦੇ ਨਿਕਾਸ ਲਈ ਸੀਵਰੇਜ ਪੀਣ ਵਾਲੇ ਪਾਣੀ ਲਈ ਵਾਟਰ ਸਪਲਾਈ ਪਾਈਪਲਾਈਨ ਗਲੀਆਂ ਨੂੰ ਇੰਟਰਲੌਕਿੰਗ ਟਾਇਲਾਂ ਨਾਲ ਪੱਕਾ ਕਰਨ ਥਾਪਰ ਮਾਡਲ ਛੱਪੜ ਦਾ ਨਿਰਮਾਣ (ਪ੍ਰਗਤੀ ਅਧੀਨ), ਠੋਸ ਕੂੜੇ ਕਰਕਟ ਪ੍ਰਬੰਧਨ ਲਈ ਨਿਡੇਪ ਪਿਟ ਮਗਨਰੇਗਾ ਨਾਲ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਕਨਵੰਰਜ ਤਹਿਤ ਆਂਗਣਵਾੜੀ ਸੈਂਟਰ ਇਮਾਰਤ ਦੀ ਉਸਾਰੀ, ਪੰਜਾਬ ਸਰਕਾਰ ਤਰਫ਼ੋਂ ਮਿਲੀ ਗਰਾਂਟ ਨਾਲ ਲਾਇਬ੍ਰੇਰੀ ਨੂੰ ਸੋਲਰ ਸਿਸਟਮ ਨਾਲ ਜੋੜਿਆ ਗਿਆ ਹੈ। ਇੰਜ ਹੀ ਗ੍ਰਾਮ ਪੰਚਾਇਤ ‘ਤਰਨਜੋਤ ਵੈਲਫ਼ੇਅਰ ਸੁਸਾਇਟੀ’ ਵੀ ਵਿਕਾਸ ਕਾਰਜਾਂ ਦੇ ਕੰਮਾਂ ਵਿੱਚ ਯੋਗਦਾਨ ਪਾ ਰਹੀ ਹੈ। ਸਰਪੰਚ ਨੇ ਦੱਸਿਆ ਕਿ ਇਮਾਨਦਾਰੀ ਨਾਲ ਕੀਤੇ ਕੰਮਾਂ ਦੇ ਲਾਏ ਬੋਰਡ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਫੰਡਾਂ ਦਾ ਹਿਸਾਬ-ਕਿਤਾਬ ਲੋਕਾਂ ਨੂੰ ਦੇਣ ਵਾਲੀ ਇਹ ਪਹਿਲੀ ਪੰਚਾਇਤ ਬਣ ਗਈ ਹੈ। ਇਸ ਮੌਕੇ ਹਰਬੰਸ ਸਿੰਘ, ਕਰਮਜੀਤ ਸਿੰਘ, ਜਗਸੀਰ ਸਿੰਘ, ਹਾਕਮ ਸਿੰਘ, ਰਾਮ ਸਿੰਘ ਰਾਜਵੀਰ ਕੌਰ ਹਾਜ਼ਰ ਸਨ।

