ਪੰਚਾਇਤ ਜ਼ਿਮਨੀ ਚੋਣ: ਮਾਖੇਵਾਲਾ ਤੇ ਨਾਹਰਾਂ ’ਚ ਵੋਟਾਂ ਅੱਜ
ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਸਰਪੰਚਾਂ ਅਤੇ ਪੰਚਾਂ ਦੀਆਂ ਖਾਲੀ ਰਹਿ ਗਈਆਂ ਸੀਟਾਂ ’ਤੇ ਭਲਕੇ 27 ਜੁਲਾਈ ਨੂੰ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਹਨ। ਮਾਨਸਾ ਜ਼ਿਲ੍ਹੇ ਵਿੱਚ ਗਰਾਮ ਪੰਚਾਇਤ ਮਾਖੇਵਾਲਾ ਬਲਾਕ ਝੁਨੀਰ ਅਤੇ ਗਰਾਮ ਪੰਚਾਇਤ ਨਾਹਰਾਂ ਵਿੱਚ ਪੰਚਾਂ ਦੀ ਚੋਣ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਚੋਣ ਪ੍ਰਕਿਰਿਆ ਨੂੰ ਸ਼ਾਂਤਮਈ ਤਰੀਕੇ ਨਾਲੀ, ਨਿਰਵਿਘਨ ਕਰਵਾਉਣ ਅਤੇ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ, ਚੋਣਾਂ ਵਾਲੇ ਦਿਨ 27 ਜੁਲਾਈ ਨੂੰ ਜ਼ਿਲ੍ਹਾ ਮਾਨਸਾ ਅੰਦਰ ਬਣੇ ਗ੍ਰਾਮ ਪੰਚਾਇਤ ਮਾਖੇਵਾਲਾ ਅਤੇ ਗ੍ਰਾਮ ਪੰਚਾਇਤ ਨਾਹਰਾਂ ਦੋਵੇਂ ਪਿੰਡਾਂ ਵਿਚ ਬਣੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਪੋਲਿੰਗ ਸਟੇਸ਼ਨਾਂ ਦੇ ਨਜ਼ਦੀਕ ਸ਼ੋਰ ਸ਼ਰਾਬਾ, ਹੁੱਲੜਬਾਜ਼ੀ ਨਹੀਂ ਕੀਤੀ ਜਾਵੇਗੀ।
ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ’ਚ ਪੈਣਗੀਆਂ ਵੋਟਾਂ
ਬਠਿੰਡਾ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਪੰਚ ਚੋਣਾਂ ਲਈ ਵੋਟਿੰਗ 27 ਜੁਲਾਈ ਨੂੰ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਵੋਟਿੰਗ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਕਰਵਾਈ ਜਾਵੇਗੀ। ਉਸੇ ਰਾਤ ਨਤੀਜੇ ਵੀ ਐਲਾਨੇ ਜਾਣਗੇ। ਇਹ ਚੋਣ ਟੱਲਵਾਲੀ (ਵਾਰਡ ਨੰਬਰ-2), ਬਲਾਕ ਫੂਲ ਹਮੀਰਗੜ੍ਹ (ਵਾਰਡ ਨੰਬਰ-3), ਬਲਾਕ ਭਗਤਾ ਭਾਈਕਾ, ਦਿਉਣ (ਵਾਰਡ ਨੰਬਰ-2) ਬਲਾਕ ਬਠਿੰਡਾ ਸ਼ਾਮਲ ਹਨ। ਇਨ੍ਹਾਂ ਤਿੰਨ ਵਾਰਡਾਂ ਵਿੱਚ ਕੁੱਲ 874 ਵੋਟਰ (480 ਮਰਦ ਅਤੇ 394 ਔਰਤਾਂ) ਵੋਟ ਪਾਉਣਗੇ। ਇਸ ਬਾਰੇ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਸ਼ੁਰੂ ਵਿੱਚ 46 ਵਾਰਡਾਂ ਵਿੱਚ ਚੋਣ ਹੋਣੀ ਸੀ, ਪਰ ਚਾਰ ਵਾਰਡਾਂ ਵਿੱਚ ਕਿਸੇ ਨੇ ਨਾਮਜਦਗੀ ਪੱਤਰ ਨਹੀਂ ਭਰਿਆ, ਜਿਸ ਕਰ ਕੇ ਉੱਥੇ ਚੋਣ ਨਹੀਂ ਹੋ ਰਹੀ। ਬਾਕੀ 39 ਵਾਰਡਾਂ ਵਿੱਚ ਸਿਰਫ਼ ਇੱਕ-ਇੱਕ ਉਮੀਦਵਾਰ ਮੈਦਾਨ ਵਿੱਚ ਰਹਿ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਬਿਨਾਂ ਚੋਣ ਲੜੇ ਜੇਤੂ ਐਲਾਨ ਦਿੱਤਾ ਗਿਆ ਹੈ।