ਪੰਚਾਇਤ ਜ਼ਿਮਨੀ ਚੋਣ: ਅਮਨ-ਅਮਾਨ ਨਾਲ ਪਈਆਂ ਵੋਟਾਂ
ਜ਼ਿਲ੍ਹੇ ਵਿੱਚ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ-2, ਬਲਾਕ ਭਗਤਾ ਭਾਈਕਾ ਦੇ ਪਿੰਡ ਹਮੀਰਗੜ੍ਹ ਦੇ ਵਾਰਡ ਨੰਬਰ-3 ਅਤੇ ਬਲਾਕ ਬਠਿੰਡਾ ਦੇ ਪਿੰਡ ਦਿਉਣ ਦੇ ਵਾਰਡ ਨੰਬਰ-2 ਵਿੱਚ ਪੰਚਾਂ ਦੀਆਂ ਚੋਣਾਂ ਅਮਨ-ਅਮਾਨ ਨਾਲ ਹੋਈਆਂ ਤੇ 58.81 ਫ਼ੀਸਦੀ ਵੋਟਾਂ ਪੋਲ ਹੋਈਆਂ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਬਲਾਕ ਫੂਲ ਦੇ ਪਿੰਡ ਟੱਲਵਾਲੀ ਦੇ ਵਾਰਡ ਨੰਬਰ-2 ਵਿੱਚ 78.36 ਫ਼ੀਸਦੀ, ਪਿੰਡ ਹਮੀਰਗੜ੍ਹ ’ਚ 81.29 ਫ਼ੀਸਦੀ ਅਤੇ ਪਿੰਡ ਦਿਉਣ ’ਚ 34.78 ਫ਼ੀਸਦੀ ਵੋਟ ਪੋਲ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਟੱਲਵਾਲੀ ਵਿੱਚ ਮਹਿੰਦਰ ਕੌਰ 13 ਵੋਟਾਂ, ਪਿੰਡ ਹਮੀਰਗੜ੍ਹ ’ਚ ਜਸਪਾਲ ਕੌਰ 11 ਵੋਟਾਂ ਅਤੇ ਪਿੰਡ ਦਿਉਣ ’ਚ ਕਰਮਜੀਤ ਕੌਰ 133 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਜ਼ਿਲ੍ਹਾ ਚੋਣ ਅਫ਼ਸਰ ਨੇ ਪੰਚਾਇਤੀ ਉਪ ਚੋਣਾਂ ਨੂੰ ਸਫ਼ਲਤਾ ਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪੋਲਿੰਗ ਪਾਰਟੀਆਂ ਅਤੇ ਵੋਟਰਾਂ ਦਾ ਧੰਨਵਾਦ ਕੀਤਾ।
ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਦੇ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਮਾਖੇਵਾਲਾ ਅਤੇ ਗ੍ਰਾਮ ਪੰਚਾਇਤ ਨਾਹਰਾਂ ਵਿੱਚ ਪੰਚਾਂ ਦੀ ਹੋਣ ਵਾਲੀ ਚੋਣ ਲਈ ਵੋਟਿੰਗ ਕਰਵਾਈ ਗਈ। ਪੋਲਿੰਗ ਸ਼ਾਂਤਮਈ ਤਰੀਕੇ ਨਾਲ ਨੇਪਰੇ ਚੜ੍ਹੀ। ਦੋਵੇਂ ਪਿੰਡਾਂ ਦੇ ਕੁੱਲ 328 ਵੋਟਰਾਂ ਨੇ ਆਪਣੀ ਵੋਟ ਦਾ ਭੁਗਤਾਨ ਕੀਤਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦੋਵੇਂ ਪਿੰਡਾਂ ਲਈ ਬਣਾਏ ਪੋਲਿੰਗ ਬੂਥਾਂ ਵਿੱਚ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਕਰਵਾਈ ਗਈ। ਪਿੰਡ ਨਾਹਰਾਂ ਵਿੱਚ 94 ਮਰਦ ਤੇ 80 ਔਰਤ ਵੋਟਰਾਂ ਵੱਲੋਂ ਕੁੱਲ 174 ਵੋਟਾਂ ਦਾ ਭੁਗਤਾਨ ਕੀਤਾ ਗਿਆ। ਇਸੇ ਤਰ੍ਹਾਂ ਪਿੰਡ ਮਾਖੇਵਾਲਾ ਵਿਖੇ 84 ਮਰਦ ਤੇ 70 ਔਰਤ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਅਤੇ 154 ਵੋਟਾਂ ਪਈਆਂ। ਇਸ ਤਰ੍ਹਾਂ ਦੋਨੋ ਪਿੰਡਾਂ ’ਚੋਂ ਕੁੱਲ 328 ਵੋਟਰਾਂ ਨੇ ਵੋਟਾਂ ਪਾਈਆਂ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪਿੰਡ ਮਾਖੇਵਾਲਾ ਵਿੱਚ ਕੁੱਲ ਵੋਟਰਾਂ ਦੀ ਗਿਣਤੀ 186 ਅਤੇ ਪਿੰਡ ਨਾਹਰਾਂ ਵਿੱਚ ਕੁੱਲ 199 ਵੋਟਰ ਹਨ। ਉਨ੍ਹਾਂ ਦੱਸਿਆ ਕਿ ਪਿੰਡ ਮਾਖੇਵਾਲਾ ਵਿੱਚ 82.35 ਫ਼ੀਸਦੀ ਅਤੇ ਨਾਹਰਾਂ ਵਿੱਚ 87.43 ਫ਼ੀਸਦੀ ਵੋਟਿੰਗ ਦਰਜ ਕੀਤੀ ਗਈ ਹੈ।
ਧਰਮਕੋਟ (ਹਰਦੀਪ ਸਿੰਘ): ਹਲਕੇ ਦੇ ਪਿੰਡ ਇੰਦਰਗੜ੍ਹ ਦੇ ਵਾਰਡ ਨੰਬਰ-9 ਤੋਂ ਅੱਜ ਹੋਈ ਪੰਚ ਦੀ ਚੋਣ ਕਾਂਗਰਸ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਨੇ ਜਿੱਤ ਲਈ ਹੈ। ਉਨ੍ਹਾਂ ਵਿਰੋਧੀ ਉਮੀਦਵਾਰ ਨੂੰ 60 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸ ਜਿੱਤ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ‘ਆਪ’ ਨੇ ਲੰਘੀਆਂ ਪੰਚਾਇਤੀ ਚੋਣਾਂ ’ਚ ਧੱਕੇਸ਼ਾਹੀ ਕੀਤੀ ਸੀ।
ਭਦੌੜ (ਰਾਜਿੰਦਰ ਵਰਮਾ): ਇੱਥੋਂ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਦੇ ਪਹਿਲੇ ਸਰਪੰਚ ਸੁਖਜੀਤ ਸਿੰਘ ਦੀ ਮੌਤ ਤੋਂ ਬਾਅਦ ਅੱਜ ਹੋਈ ਜ਼ਿਮਨੀ ਚੋਣ ਵਿੱਚ ਪਿੰਡ ਵਾਸੀਆਂ ਨੇ ਮਰਹੂਮ ਸਰਪੰਚ ਦੇ ਪਿਤਾ ਅਮਰਜੀਤ ਸਿੰਘ ਅੰਬੂ ਨੂੰ ਸਰਪੰਚ ਚੁਣ ਲਿਆ ਹੈ। ਅਮਰਜੀਤ ਸਿੰਘ ਅੰਬੂ ਦਾ ਮੁਕਾਬਲਾ ਨੌਜਵਾਨ ਆਗੂ ਲੱਖਾ ਸਿੰਘ ਨਾਲ ਸੀ। ਰਿਟਰਨਿੰਗ ਅਫ਼ਸਰ ਅਨੁਸਾਰ ਕੁੱਲ 821 ਵੋਟਾਂ ਪੋਲ ਹੋਈਆਂ। ਸ੍ਰੀ ਅੰਬੂ 644 ਵੋਟਾਂ ਹਾਸਲ ਕਰ ਕੇ ਸਰਪੰਚ ਚੁਣੇ ਗਏ ਜਦੋਂਕਿ ਵਿਰੋਧੀ ਉਮੀਦਵਾਰ ਲੱਖਾ ਸਿੰਘ ਨੂੰ 165 ਵੋਟਾਂ ਪਈਆਂ।
ਖੂਹ ਚਾਹ ਪਰਸੀਆਂ ਤੋਂ ਬਲਵੀਰ ਕੌਰ ਜੇਤੂ; ਵਿਰੋਧੀ ਉਮੀਦਵਾਰ ਨੂੰ 10 ਵੋਟਾਂ ਨਾਲ ਹਰਾਇਆ
ਤਲਵੰਡੀ ਭਾਈ (ਸੁਦੇਸ਼ ਕੁਮਾਰ ਹੈਪੀ): ਬਲਾਕ ਘੱਲ ਖ਼ੁਰਦ ਦੇ ਪਿੰਡ ਖੂਹ ਚਾਹ ਪਰਸੀਆਂ ਦੇ ਅਨੁਸੂਚਿਤ ਜਾਤੀ ਦੀਆਂ ਔਰਤਾਂ ਲਈ ਰਾਖਵੇਂ ਵਾਰਡ ਨੰਬਰ-6 ਦੀ ਪੰਚ ਦੀ ਚੋਣ ਲਈ ਪਈਆਂ ਵੋਟਾਂ ਵਿੱਚ ਆਜ਼ਾਦ ਉਮੀਦਵਾਰ ਬਲਵੀਰ ਕੌਰ ਜੇਤੂ ਰਹੀ। ਵਾਰਡ ਦੀਆਂ ਕੁੱਲ 199 ਵਿੱਚੋਂ 126 ਵੋਟਾਂ ਪੋਲ ਹੋਈਆਂ। ਬਲਵੀਰ ਕੌਰ ਨੂੰ 67 ਤੇ ਉਸ ਦੀ ਵਿਰੋਧੀ ਮੀਨਾ ਦੇਵੀ ਨੂੰ 57 ਵੋਟਾਂ ਪਈਆਂ। ਇੱਕ ਵੋਟ ਨੋਟਾ ਨੂੰ ਪਈ ਤੇ ਇੱਕ ਵੋਟ ਰੱਦ ਹੋ ਗਈ। ਇਸ ਤਰ੍ਹਾਂ ਬਲਵੀਰ ਕੌਰ 10 ਵੋਟਾਂ ਦੇ ਫ਼ਰਕ ਨਾਲ ਜੇਤੂ ਰਹੀ। ਬਲਵੀਰ ਕੌਰ ਨੇ ਆਪਣੇ ਸਮਰਥਕਾਂ ਨਾਲ ਜਿੱਤ ਦੀ ਖ਼ੁਸ਼ੀ ਸਾਂਝੀ ਕੀਤੀ। ਬਲਾਕ ਘੱਲ ਖ਼ੁਰਦ ਦੇ ਚਾਰ ਪਿੰਡਾਂ ਸੱਪਾਂ ਵਾਲੀ, ਖਜੂਰਾਂ ਵਾਲੀ, ਹਰੀ ਪੁਰਾ ਤੇ ਚੰਗਾਲੀ ਕਦੀਮ ਦੇ ਸਰਪੰਚਾਂ ਅਤੇ 30 ਪਿੰਡਾਂ ਦੇ 57 ਪੰਚਾਂ ਦੀ ਚੋਣ ਲਈ ਵੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਵੱਲੋਂ ਸੂਚੀ ਜਾਰੀ ਕੀਤੀ ਗਈ ਸੀ। ਸੱਪਾਂ ਵਾਲੀ ਦੀ ਚੋਣ ਦਾ ਹਾਈ ਕੋਰਟ ਵਿੱਚ ਕੇਸ ਲੱਗਾ ਹੋਣ ਕਰ ਕੇ ਅੱਜ ਚੋਣ ਨਹੀਂ ਹੋ ਸਕੀ ਜਦੋਂਕਿ ਬਾਕੀ ਪੰਚ-ਸਰਪੰਚ ਬਿਨਾਂ ਮੁਕਾਬਲਾ ਜੇਤੂ ਕਰਾਰ ਦੇ ਦਿੱਤੇ ਗਏ ਸਨ। ਫ਼ਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਇਨ੍ਹਾਂ ਚੋਣਾਂ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਨੇ ਇਹ ਚੋਣਾਂ ਸੱਤਾ ਦੇ ਜ਼ੋਰ ’ਤੇ ਜਿੱਤੀਆਂ ਨਹੀਂ ਬਲਕਿ ਲੁੱਟੀਆਂ ਹਨ। 2024 ਦੀਆਂ ਪੰਚਾਇਤਾਂ ਦੀਆਂ ਆਮ ਚੋਣਾਂ ਵੇਲੇ ਵੀ ਹਲਕੇ ਵਿੱਚ ਸ਼ਰ੍ਹੇਆਮ ਵਿਰੋਧੀਆਂ ਨੂੰ ਡਰਾਇਆ-ਧਮਕਾਇਆ ਗਿਆ ਸੀ। 2027 ਦੀਆਂ ਚੋਣਾਂ ‘ਚ ਹਲਕੇ ਦੇ ਲੋਕ ‘ਆਪ’ ਵਾਲਿਆਂ ਤੋਂ ਇਸ ਸਭ ਦਾ ਜਵਾਬ ਮੰਗਣਗੇ।
ਹਾਈ ਕੋਰਟ ਵੱਲੋਂ ਪਿੰਡ ਬਸਤੀ ਸੋਹਣ ਸਿੰਘ (ਜੌੜਾ) ਦੀ ਚੋਣ ਮੁਲਤਵੀ
ਮਖੂ (ਨਵਜੋਤ ਸ਼ਰਮਾ): ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਿੰਡ ਬਸਤੀ ਸੋਹਣ ਸਿੰਘ (ਜੌੜਾ) ਦੀ ਗ੍ਰਾਮ ਪੰਚਾਇਤ ਚੋਣ ’ਤੇ 11 ਅਗਸਤ ਤੱਕ ਰੋਕ ਲਗਾ ਦਿੱਤੀ ਹੈ। ਜਸਟਿਸ ਅਨੁਪਿੰਦਰ ਸਿੰਘ ਗਰੇਵਾਲ ਦੀ ਬੈਂਚ ਨੇ ਇਹ ਫ਼ੈਸਲਾ ਪਟੀਸ਼ਨਰ ਬਲਵਿੰਦਰ ਕੌਰ ਦੀ ਪਟੀਸ਼ਨ ਸੀਡਬਲਯੂਪੀ 20842 ’ਤੇ ਸੁਣਾਇਆ। ਇਸ ਵਿੱਚ ਚੋਣ ਪ੍ਰਕਿਰਿਆ ਵਿੱਚ ਅਨਿਯਮਿਤਤਾਵਾਂ ਦਾ ਹਵਾਲਾ ਦਿੱਤਾ ਗਿਆ ਸੀ। ਪਟੀਸ਼ਨਰ ਦੇ ਵਕੀਲ ਕੇਆਰ ਧਵਨ ਨੇ ਅਦਾਲਤ ਨੂੰ ਦੱਸਿਆ ਕਿ ਬਲਵਿੰਦਰ ਕੌਰ ਦੀ ਨਾਮਜ਼ਦਗੀ ਨੂੰ ਛੋਟੇ-ਮੋਟੇ ਬਹਾਨਿਆਂ (ਜਿਵੇਂ ਕਿ ਚੁੱਲ੍ਹਾ ਟੈਕਸ ਅਤੇ ਪਿਤਾ ਦੇ ਨਾਮ ਵਿੱਚ ਸਪੈਲਿੰਗ ਗ਼ਲਤੀ) ਦੇ ਆਧਾਰ ’ਤੇ ਰੱਦ ਕਰ ਦਿੱਤਾ ਗਿਆ ਸੀ, ਹਾਲਾਂਕਿ ਸਾਰੇ ਦਸਤਾਵੇਜ਼ ਸਮੇਂ ਸਿਰ ਪੇਸ਼ ਕੀਤੇ ਗਏ ਸਨ। ਵਕੀਲ ਧਵਨ ਨੇ ਦਲੀਲ ਦਿੱਤੀ ਕਿ ਬਲਵਿੰਦਰ ਕੌਰ ਨੇ 14 ਜੁਲਾਈ 2025 ਨੂੰ ਚੁੱਲ੍ਹਾ ਟੈਕਸ ਅਦਾ ਕਰ ਦਿੱਤਾ ਸੀ। 17 ਜੁਲਾਈ ਪੂਰੇ ਦਸਤਾਵੇਜ਼ਾਂ ਸਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ ਸੀ। ਦੱਸਣਯੋਗ ਹੈ ਕਿ ਬਲਵਿੰਦਰ ਕੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਧੜੇ ਨਾਲ ਸਬੰਧਤ ਸਨ। ਇਸ ਸਬੰਧੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸੁਰਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਨਾਮਜ਼ਦਗੀ ਸਮੇਂ ਇੱਕ ਹੋਰ ਉਮੀਦਵਾਰ ਦੀ ਨਾਮਜ਼ਦਗੀ ਵੀ ਰੱਦ ਕੀਤੀ ਗਈ, ਜਿਸ ਨਾਲ ਚੋਣ ਵਿੱਚ ਸਿਰਫ਼ ਇੱਕ ਹੀ ਉਮੀਦਵਾਰ ਬਚਿਆ। ਪੰਜਾਬ ਸਰਕਾਰ ਦੀ ਤਰਫ਼ੋਂ ਏਜੀ ਅਰੁੰਧਤੀ ਕੁਲਸ਼੍ਰੇਸ਼ਠ ਨੇ ਮਾਮਲੇ ਵਿੱਚ ਜਵਾਬ ਦਾਖ਼ਲ ਕਰਨ ਲਈ ਸਮਾਂ ਮੰਗਿਆ ਹੈ। ਅਦਾਲਤ ਨੇ ਸਰਕਾਰ ਨੂੰ ਜਵਾਬੀ ਹਲਫ਼ਨਾਮਾ ਦਾਖ਼ਲ ਕਰਨ ਦਾ ਮੌਕਾ ਦਿੰਦਿਆਂ 11 ਅਗਸਤ ਤੱਕ ਚੋਣ ’ਤੇ ਰੋਕ ਲਗਾਉਣ ਦਾ ਹੁਕਮ ਸੁਣਾਇਆ। ਬਲਵਿੰਦਰ ਕੌਰ ਦੇ ਸਮਰਥਕਾਂ ਨੇ ਕਿਹਾ ਕਿ ਇਹ ਫ਼ੈਸਲਾ ਲੋਕਤੰਤਰਿਕ ਪ੍ਰਕਿਰਿਆਵਾਂ ਦੀ ਸੁਰੱਖਿਆ ਲਈ ਜ਼ਰੂਰੀ ਸੀ।