ਪੰਚਾਇਤੀ ਕੰਮਾਂ ਵਿੱਚ ਸਮਰਥਨ ਨਾ ਦੇਣ ’ਤੇ ਪੰਚ ਦੀ ਕੁੱਟਮਾਰ
ਪਿੰਡ ਦਾਤੇਵਾਲ ਵਿੱਚ ਪੰਚਾਇਤੀ ਕੰਮਾਂ ਵਿੱਚ ਸਮਰਥਨ ਨਾ ਦੇਣ ’ਤੇ ਸਰਪੰਚ ਧੜੇ ਦੇ ਸਮਰਥਕ ਪੰਚ ਰਮਨੀਕ ਸਿੰਘ ਨੂੰ ਵਿਰੋਧੀ ਧੜੇ ਦੇ ਮੈਂਬਰਾਂ ਨੇ ਅਗਵਾ ਕਰਕੇ ਕੁੱਟਮਾਰ ਕੀਤੀ। ਦੋਵੇਂ ਧੜੇ ਆਮ ਆਦਮੀ ਪਾਰਟੀ ਨਾਲ ਸਬੰਧਤ ਦੱਸੇ ਜਾਂਦੇ ਹਨ। ਦੂਜੇ ਪਾਸੇ, ਪੁਲੀਸ ਪੰਚ ਰਮਨੀਕ ਸਿੰਘ ਨੂੰ ਥਾਣੇ ਲੈ ਗਈ, ਜਿੱਥੇ ਸਿਆਸੀ ਦਬਾਅ ਹੇਠ ਪੰਚ ਨੇ ਕਥਿਤ ਤੌਰ ’ਤੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਜਾਣਕਾਰੀ ਅਨੁਸਾਰ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਦਾਤੇਵਾਲਾ ਦੀ ਰਾਖਵੀਂ ਪੰਚਾਇਤ ‘ਆਪ’ ਸਮਰਥਕ ਹੈ। ਕੁੱਲ ਸੱਤ ਮੈਂਬਰਾਂ ਵਿੱਚੋਂ ਚਾਰ ਇੱਕ ਪਾਸੇ ਹਨ। ਪਿੰਡ ਦਾ ਇੱਕ ‘ਆਪ’ ਆਗੂ ਇੱਥੇ ਪ੍ਰਸ਼ਾਸਕ ਲਗਵਾ ਕੇ ਪੰਚਾਇਤ ਦਾ ਕੰਮ-ਕਾਜ ਆਪਣੇ ਢੰਗ ਨਾਲ ਚਲਾਉਣਾ ਚਾਹੁੰਦਾ ਹੈ। ਸਰਪੰਚ ਧੜੇ ਕੋਲ ਚਾਰ ਅਤੇ ਦੂਜੇ ਧੜੇ ਕੋਲ ਤਿੰਨ ਪੰਚ ਹਨ। ਲੰਘੇ ਕੱਲ੍ਹ ਜਦੋਂ ਪੰਚ ਰਮਨੀਕ ਸਿੰਘ ਤੜਕਸਾਰ ਸੈਰ ਲਈ ਗਿਆ ਤਾਂ ਦੂਜੇ ਧੜੇ ਦੇ ਲੋਕਾਂ ਨੇ ਉਸ ਨੂੰ ਅਗਵਾ ਕਰ ਕੇ ਪਿੰਡ ਰੰਡਿਆਲਾ ਲਿਜਾ ਕੇ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧੀ ਵੀਡੀਓ ਵਾਇਰਲ ਹੋਣ ’ਤੇ ਅੱਜ ਸਵੇਰੇ ਘਰ ਦੇ ਸਾਹਮਣੇ ਪੰਚ ਨੂੰ ਡਰਾਉਣ ਦੇ ਮਕਸਦ ਨਾਲ ਚਾਰ ਗੋਲੀਆਂ ਚਲਾਈਆਂ ਗਈਆਂ।
ਉੱਧਰ, ਪੀੜਤ ਪੰਚਾਇਤ ਮੈਂਬਰ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਦੋ ਛੋਟੇ ਬੱਚੇ ਹਨ। ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੋਣ ਸਦਕਾ ਉਸ ਦੀ ਕਿਸੇ ਨੇ ਮਦਦ ਨਹੀਂ ਕੀਤੀ। ਇਸ ਲਈ ਉਸ ਨੇ ਸ਼ਿਕਾਇਤ ਵਾਪਸ ਲੈ ਲਈ ਹੈ। ਉਸ ਮੁਤਾਬਕ ਪਿੰਡ ਵਿੱਚ 36 ਲੱਖ ਰੁਪਏ ਦੀ ਆਈ ਗ੍ਰਾਂਟ ਲਈ ਦੂਜੀ ਧਿਰ ਪ੍ਰਬੰਧਕ ਲਗਾਉਣਾ ਚਾਹੁੰਦੀ ਹੈ ਤਾਂ ਜੋ ਮਨਮਰਜ਼ੀ ਨਾਲ ਆਏ ਫੰਡ ਦੀ ਵਰਤੋਂ ਕੀਤੀ ਜਾ ਸਕੇ।
ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ: ਡੀਐੱਸਪੀ
ਡੀਐੱਸਪੀ ਰਮਨਦੀਪ ਸਿੰਘ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਪੀੜਤ ਨੂੰ ਹਸਪਤਾਲ ਦਾਖਲ ਹੋਣ ਤੋਂ ਇਲਾਵਾ ਪੁਲੀਸ ਕੋਲ ਬਿਆਨ ਦਰਜ ਕਰਵਾਉਣ ਲਈ ਕਿਹਾ ਸੀ ਪਰ ਪੰਚ ਨੇ ਉਸ ਨੂੰ ਇਹ ਕਹਿ ਕੇ ਅਗਲੇਰੀ ਕਾਰਵਾਈ ਕਰਨ ਤੋਂ ਰੋਕ ਦਿੱਤਾ ਕਿ ਉਹ ਇੱਕ ਹੀ ਪਾਰਟੀ ਦੇ ਵਰਕਰ ਹਨ। ਇਸ ਲਈ ਪਾਰਟੀ ਆਗੂ ਉਨ੍ਹਾਂ ਦਾ ਆਪਸੀ ਸਮਝੌਤਾ ਕਰਵਾ ਰਹੇ ਹਨ। ਪੀੜਤ ਨੇ ਖ਼ੁਦ ਹੀ ਕੋਈ ਕਾਰਵਾਈ ਨਾ ਕਰਵਾਉਣ ਲਈ ਪੁਲੀਸ ਨੂੰ ਆਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਗੋਲੀ ਚੱਲਣ ਦੀ ਕੋਈ ਘਟਨਾ ਨਹੀਂ ਵਾਪਰੀ। ਸਿਰਫ਼ ਦੋਵਾਂ ਧਿਰਾਂ ਦੀ ਧੱਕਾਮੁੱਕੀ ਹੋਈ ਸੀ।