ਬੇਮੌਸਮੇ ਮੀਂਹ ਕਾਰਨ ਝੋਨੇ ਦੀ ਵਾਢੀ ਅਤੇ ਨਰਮੇ ਦੀ ਚੁਗਾਈ ਠੱਪ
ਕਿਸਾਨਾਂ ਦੇ ਨਾਲ-ਨਾਲ ਆਡ਼੍ਹਤੀਆਂ ਅਤੇ ਵਪਾਰੀਆਂ ਲਈ ਵੀ ਪ੍ਰੇਸ਼ਾਨੀ ਬਣਿਆ ਮੀਂਹ
ਪੰਜਾਬ ਵਿੱਚ ਦੋ ਦਿਨਾਂ ਤੋਂ ਵਿਗੜੇ ਮੌਸਮ ਕਾਰਨ ਸਭ ਤੋਂ ਵੱਡੀ ਦਿੱਕਤ ਅੰਨਦਾਤਾ ਸਿਰ ਪੈ ਗਈ ਹੈ। ਕੱਲ੍ਹ ਤੋਂ ਖੇਤਾਂ ਵਿੱਚ ਝੋਨੇ ਦੀ ਕਟਾਈ, ਖ਼ਰੀਦ ਕੇਂਦਰਾਂ ਵਿੱਚ ਤੁਲਾਈ ਅਤੇ ਨਰਮੇ ਦੀ ਚੁਗਾਈ ਠੱਪ ਹੋ ਗਏ ਹਨ। ਵਿਗੜੇ ਮੌਸਮ ਤੋਂ ਇਕੱਲਾ ਅੰਨਦਾਤਾ ਹੀ ਨਹੀਂ, ਸਗੋਂ ਮੰਡੀਆਂ ਵਿੱਚ ਝੋਨੇ ਦੀ ਤੁਲਾਈ, ਸਿਲਾਈ, ਝਰਾਈ ਅਤੇ ਭਰਾਈ ਕਰਨ ਵਾਲੇ ਮਜ਼ਦੂਰ ਵੀ ਪ੍ਰੇਸ਼ਾਨ ਹੋ ਰਹੇ ਹਨ। ਇਸ ਮੀਂਹ ਤੋਂ ਆੜ੍ਹਤੀ ਤੇ ਝੋਨਾ ਖ਼ਰੀਦਣ ਵਾਲਾ ਵਪਾਰੀ ਵੀ ਘਬਰਾ ਗਿਆ ਹੈ। ਭਾਰੀ ਮੀਂਹ ਕਾਰਨ ਜਿਣਸ ਨੂੰ ਸਿੱਲ੍ਹ ਅਤੇ ਭਿੱਜਣ ਤੋਂ ਬਚਾਉਣ ਲਈ ਸਰਕਾਰੀ ਅਧਿਕਾਰੀਆਂ ਦੀ ਦੋਹਰੀ ਡਿਊਟੀ ਹੋ ਗਈ ਹੈ।
ਮਾਲਵਾ ਖੇਤਰ ਵਿੱਚ ਅੱਜ-ਕੱਲ੍ਹ ਝੋਨੇ ਦੀ ਕਟਾਈ, ਤੁਲਾਈ ਅਤੇ ਨਰਮੇ ਦੀ ਚੁਗਾਈ ਜ਼ੋਰਾਂ ’ਤੇ ਚੱਲ ਰਹੀ ਸੀ। ਮੌਸਮ ਦੇ ਮਿਜ਼ਾਜ ਵਿਗੜਦਿਆਂ ਹੀ ਕਿਸਾਨ ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਕਿਉਂਕਿ ਖੇਤਾਂ ਵਿਚ ਕੰਬਾਈਨਾਂ ਚੱਲਣੀਆਂ ਬੰਦ ਹੋ ਗਈਆਂ ਹਨ। ਇਸ ਦੇ ਨਾਲ ਹੀ ਮੰਡੀਆਂ ਵਿੱਚ ਵਿਕਣ ਲਈ ਆਏ ਝੋਨੇ ਦੀ ਨਮੀ ਵਾਲੀ ਮਾਤਰਾ ਵਧਣ ਨਾਲ ਬੋਲੀ ਨਾ ਲੱਗਣ ਖ਼ਤਰਾ ਖੜ੍ਹਾ ਹੋ ਜਾਂਦਾ ਹੈ।
ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਿਗਿਆਨੀਆਂ ਵੱਲੋਂ ਜਾਣਕਾਰੀ ਦੇ ਦਿੱਤੀ ਗਈ ਸੀ ਪਰ ਮੰਡੀਆਂ ਵਿੱਚ ਝੋਨੇ ਅਤੇ ਨਰਮੇ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਕਿਸਾਨਾਂ ਕੋਲ ਕੋਈ ਪ੍ਰਬੰਧ ਨਹੀਂ ਹੈ ਜਦੋਂਕਿ ਇਹ ਪ੍ਰਬੰਧ ਪੰਜਾਬ ਮੰਡੀ ਬੋਰਡ ਨੇ ਕਰਨੇ ਹੁੰਦੇ ਹਨ।
ਪੰਜਾਬ ਮੰਡੀ ਬੋਰਡ ਦੇ ਉਪ ਜ਼ਿਲ੍ਹਾ ਅਫ਼ਸਰ (ਡੀ ਐੱਮ ਓ) ਜੈ ਸਿੰਘ ਸਿੱਧੂ ਨੇ ਕਿਹਾ ਕਿ ਆੜ੍ਹਤੀਆਂ ਨੂੰ ਫ਼ਸਲ ਭਿੱਜਣ ਤੋਂ ਬਚਾਉਣ ਲਈ ਸਖ਼ਤ ਆਦੇਸ਼ ਕੀਤੇ ਗਏ ਹਨ। ਪੇਂਡੂ ਖ਼ਰੀਦ ਕੇਂਦਰਾਂ ਸਮੇਤ ਸ਼ਹਿਰੀ ਅਨਾਜ ਮੰਡੀਆਂ ਵਿੱਚ ਤਰਪਾਲਾਂ ਸਣੇ ਮੋਟੇ ਕਾਗਜ਼ਾਂ ਨਾਲ ਝੋਨੇ ਨੂੰ ਢਕਿਆ ਗਿਆ ਹੈ।
ਇਸੇ ਦੌਰਾਨ ਬੀ ਕੇ ਯੂ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਪਹਿਲਾਂ ਮੀਂਹਾਂ ਕਾਰਨ ਫ਼ਸਲਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ। ਹੁਣ ਜਦੋਂ ਬਚੀਆਂ ਫ਼ਸਲਾਂ ਕਟਾਈ ਲਈ ਤਿਆਰ ਹਨ ਤਾਂ ਮੁੜ ਮੌਸਮ ਦੀ ਮਾਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੁਕਸਾਨ ਦਾ ਮੁਆਵਜ਼ਾ ਦੇਵੇ।
ਏਲਨਾਬਾਦ (ਜਗਤਾਰ ਸਮਾਲਸਰ): ਇਲਾਕੇ ’ਚ ਲੰਘੀ ਰਾਤ ਆਈ ਹਨੇਰੀ ਅਤੇ ਮੀਂਹ ਕਾਰਨ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਪਿੰਡਾਂ ਵਿੱਚ ਗੜੇ ਵੀ ਪਏ ਹਨ। ਇਸ ਕਾਰਨ ਖੇਤਾਂ ਵਿੱਚ ਪਾਣੀ ਭਰਨ ਕਾਰਨ ਨਰਮੇ-ਕਪਾਹ, ਝੋਨੇ, ਬਾਜਰੇ ਅਤੇ ਗੁਆਰੇ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਇਸ ਸਮੇਂ ਖੇਤਾਂ ਵਿੱਚ ਫ਼ਸਲਾਂ ਪੱਕ ਕੇ ਕਟਾਈ ਲਈ ਤਿਆਰ ਹਨ ਪਰ ਲੰਘੀ ਰਾਤ ਆਏ ਮੀਂਹ ਨੇ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਅਤੇ ਨਰਮਾ ਤੇ ਕਪਾਹ ਵੀ ਧਰਤੀ ’ਤੇ ਡਿੱਗ ਕੇ ਖ਼ਰਾਬ ਹੋ ਗਏ ਹਨ। ਕਿਸਾਨਾਂ ਨੇ ਕਿਹਾ ਕਿ ਨਾਥੂਸਰੀ ਚੌਪਟਾ ਵਿੱਚ ਮਾਨਸੂਨ ਦੀ ਬਰਸਾਤ ਦੌਰਾਨ ਪਹਿਲਾਂ ਹੀ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ ਪਰ ਲੰਘੀ ਰਾਤ ਮੀਂਹ ਤੇ ਹਨੇਰੀ ਨੇ ਰਹਿੰਦੀਆਂ ਫ਼ਸਲਾਂ ਨੂੰ ਵੀ ਬਰਬਾਦ ਕਰ ਦਿੱਤਾ ਹੈ। ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।
ਸਿਰਸਾ (ਪ੍ਰਭੂ ਦਿਆਲ): ਇਲਾਕੇ ਵਿੱਚ ਕੱਲ੍ਹ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਕਿਸਾਨਾਂ ਲਈ ਆਫ਼ਤ ਬਣ ਗਿਆ ਹੈ। ਝੱਖੜ ਕਾਰਨ ਬਿਜਲੀ ਦੇ ਖੰਭੇ ਅਤੇ ਦਰੱਖਤ ਡਿੱਗ ਗਏ ਹਨ। ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ। ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਭਿੱਜ ਗਿਆ ਹੈ। ਇਲਾਕੇ ਵਿੱਚ ਕੱਲ੍ਹ ਤੋਂ ਰੁਕ ਰੁਕ ਕੇ ਮੀਂਹ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੀਂਹ ਤੇ ਝੱਖੜ ਕਾਰਨ ਕਈ ਥਾਵਾਂ ’ਤੇ ਬਿਜਲੀ ਦੇ ਖੰਭੇ ਤੇ ਦਰੱਖਤ ਡਿੱਗ ਗਏ ਹਨ। ਇਸ ਕਾਰਨ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਬਿਜਲੀ ਦੇ ਖੰਭੇ ਡਿੱਗਣ ਕਾਰਨ ਕਈ ਪਿੰਡਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਕਿਸਾਨਾਂ ਨੇ ਦੱਸਿਆ ਹੈ ਕਿ ਝੱਖੜ ਕਾਰਨ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਤੇ ਨਰਮੇ ਦੀ ਚੁਗਾਈ ਦਾ ਕੰਮ ਰੁਕ ਗਿਆ ਹੈ। ਸ਼ਹਿਰੀ ਖੇਤਰ ’ਚ ਨਵੀਆਂ ਕਲੋਨੀਆਂ ਤੇ ਸੜਕਾਂ ’ਤੇ ਪਾਣੀ ਭਰ ਗਿਆ।
ਮੰਡੀਆਂ ’ਚ ਝੋਨਾ ਭਿੱਜਿਆ
ਬਠਿੰਡਾ (ਮਨੋਜ ਸ਼ਰਮਾ): ਇੱਥੇ ਬੀਤੀ ਰਾਤ ਪਏ ਮੀਂਹ ਅਤੇ ਹਨੇਰੀ ਕਾਰਨ ਕਿਸਾਨਾਂ ਲਈ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ। ਜਾਣਕਾਰੀ ਮੁਤਾਬਕ ਬਠਿੰਡਾ ਜ਼ਿਲ੍ਹੇ ਵਿੱਚ ਹੁਣ ਤੱਕ ਕਰੀਬ 2650 ਟਨ ਝੋਨਾ ਮੰਡੀਆਂ ’ਚ ਪੁੱਜ ਚੁੱਕਿਆ ਹੈ ਅਤੇ ਕੁੱਝ ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ ’ਚ ਫ਼ਸਲ ਖੁੱਲ੍ਹੇ ਅਸਮਾਨ ਹੇਠ ਪਈ ਹੈ। ਇਸ ਬੇਮੌਸਮੇ ਮੀਂਹ ਨੇ ਮੰਡੀ ਬੋਰਡ ਦੇ ਪ੍ਰਬੰਧਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਕੀਤੀ ਮੀਂਹ ਦੀ ਭਵਿੱਖਬਾਣੀ ਦੇ ਬਾਵਜੂਦ ਜ਼ਿਲ੍ਹੇ ਦੇ ਖ਼ਰੀਦ ਕੇਂਦਰਾਂ ਵਿੱਚ ਫ਼ਸਲ ਨੂੰ ਢਕਣ ਲਈ ਕੋਈ ਪੱਕਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਕਾਰਨ ਮੰਡੀਆਂ ਵਿੱਚ ਪਿਆ ਝੋਨਾ ਭਿੱਜ ਗਿਆ। ਕਿਸਾਨ ਖ਼ੁਦ ਹੀ ਆਪਣੀ ਫ਼ਸਲ ਨੂੰ ਬਚਾਉਣ ਲਈ ਪੱਲੀਆਂ ਅਤੇ ਤਿਰਪਾਲਾਂ ਨਾਲ ਢਕਦੇ ਦੇਖੇ ਗਏ। ਮੀਂਹ ਕਾਰਨ ਖ਼ਰੀਦ ਪ੍ਰਕਿਰਿਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਖੇਤਾਂ ਵਿੱਚ ਕੰਬਾਈਨਾਂ ਦਾ ਕੰਮ ਰੁਕ ਗਿਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਫ਼ਸਲ ਦੇ ਨੁਕਸਾਨ ਦਾ ਤੁਰੰਤ ਜਾਇਜ਼ਾ ਲੈ ਕੇ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ।