ਬਲਾਕ ਸ਼ਹਿਣਾ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਜ਼ੋਰਾਂ ’ਤੇ ਹੋਣ ਕਾਰਨ ਮੰਡੀਆਂ ਨੱਕੋ-ਨੱਕ ਭਰ ਗਈਆਂ ਹਨ। ਸ਼ਹਿਣਾ ਦੇ 12 ਏਕੜ ਫੜ੍ਹ ਵਿੱਚ ਝੋਨਾ ਲਾਉਣ ਨੂੰ ਥਾਂ ਨਹੀਂ ਹੈ। ਝੋਨੇ ਦੀ ਕਟਾਈ ਇਕਦਮ ਸ਼ੁਰੂ ਹੋਣ ਨਾਲ ਮੰਡੀਆਂ ਵਿੱਚ ਵੀ ਇਕਦਮ ਇਕੱਠਾ ਝੋਨਾ ਆ ਗਿਆ ਹੈ। ਕਸਬੇ ਸ਼ਹਿਣਾ ਵਿੱਚ ਮਾਰਕਫੈੱਡ ਅਤੇ ਪਨਗਰੇਨ ਨੇ ਝੋਨੇ ਦੀ ਖਰੀਦ ਕੀਤੀ ਹੈ।
ਦੱਸਣਾ ਬਣਦਾ ਹੈ ਕਿ ਇਸ ਵਾਰ ਝੋਨੇ ਦਾ ਝਾੜ ਘੱਟ ਹੋਣ ਕਾਰਨ ਸ਼ੈਲਰਾਂ ਵਿੱਚ ਝੋਨਾ ਸਟੋਰ ਕਰਵਾਉਣ ਲਈ ਸ਼ੈਲਰ ਮਾਲਕਾਂ ਵਿੱਚ ਦੌੜ ਲੱਗੀ ਹੋਈ ਹੈ। ਸੁੱਕਾ ਝੋਨਾ ਲਿਆਉਣ ਵਾਲੇ ਕਿਸਾਨਾਂ ਨੂੰ ਤਾਂ ਮੰਡੀਆਂ ਵਿੱਚ ਆਉਣ ਸਾਰ ਹੀ ਵਿਹਲਾ ਕਰ ਦਿੱਤਾ ਜਾਂਦਾ ਹੈ।
ਖਰੀਦ ਕੇਂਦਰ ਬੁਰਜ ਫਤਿਹਗੜ੍ਹ, ਈਸ਼ਰ ਸਿੰਘ ਵਾਲਾ, ਮੱਝੂਕੇ, ਰਾਮਗੜ੍ਹ ਤਲਵੰਡੀ, ਛੰਨਾ ਗੁਲਾਬ ਸਿੰਘ ਵਿੱਚ ਮਾਰਕਫੈੱਡ ਨੇ ਝੋਨੇ ਦੀ ਤੇਜ਼ੀ ਨਾਲ ਖਰੀਦ ਕੀਤੀ ਹੈ। ਖਰੀਦ ਕੇਂਦਰ ਜੋਧਪੁਰ ਤੇ ਜਗਜੀਤਪੁਰਾ ਵਿੱਚ ਪਨਸਪ ਨੇ ਝੋਨੇ ਨੂੰ ਖਰੀਦਿਆ ਹੈ। ਖਰੀਦ ਕੇਂਦਰਾਂ ਵਿੱਚ ਵੱਧ ਨਮੀ ਵਾਲੇ ਝੋਨੇ ਨੂੰ ਵੇਚਣ ਲਈ ਕੁਝ ਦਿਨ ਉਡੀਕ ਕਰਨੀ ਪੈਂਦੀ ਹੈ। ਇਸ ਵਾਰ ਕਾਫੀ ਕਿਸਾਨਾਂ ਨੇ ਸ਼ਹਿਣਾ ਕਸਬੇ ਦੀ ਬਜਾਏ ਬਰਨਾਲਾ ਮੰਡੀ ਵਿੱਚ ਜਾ ਕੇ ਝੋਨਾ ਵੇਚਣ ਨੂੰ ਤਰਜੀਹ ਦਿੱਤੀ ਹੈ।

