ਝੋਨੇ ਦੀ ਆਮਦ ਸ਼ੁਰੂ, ਸ਼ੈੱਡਾਂ ਦਾ ਕੰਮ ਅਧੂਰਾ
ਮੰਡੀਆਂ ਵਿੱਚ ਦਿਨੋਂ ਦਿਨ ਝੋਨੇ ਦੀ ਆਮਦ ਵੱਧ ਰਹੀ ਹੈ। ਤਾਜੋਕੇ, ਦਰਾਜ ਅਤੇ ਮੁੱਖ ਯਾਰਡ ਤਪਾ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਖਰਚ ਕੇ ਸ਼ੈਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਮੰਡੀਆਂ ’ਚ ਸ਼ੈੱਡ ਤਾਂ ਦੂਰ...
ਮੰਡੀਆਂ ਵਿੱਚ ਦਿਨੋਂ ਦਿਨ ਝੋਨੇ ਦੀ ਆਮਦ ਵੱਧ ਰਹੀ ਹੈ। ਤਾਜੋਕੇ, ਦਰਾਜ ਅਤੇ ਮੁੱਖ ਯਾਰਡ ਤਪਾ ਵਿੱਚ ਕਿਸਾਨਾਂ ਦੀ ਸਹੂਲਤ ਲਈ ਕਰੋੜਾਂ ਰੁਪਏ ਖਰਚ ਕੇ ਸ਼ੈਡਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਪਰ ਅਜੇ ਤੱਕ ਮੰਡੀਆਂ ’ਚ ਸ਼ੈੱਡ ਤਾਂ ਦੂਰ ਟੋਏ ਪੁੱਟ ਕੇ ਸੁੱਟੇ ਪਏ ਹਨ। ਇਸ ਕਾਰਨ ਕਿਸਾਨ ਪ੍ਰੇਸ਼ਾਨ ਹਨ। ਤਪਾ ਦੀ ਬਾਹਰਲੀ ਅਨਾਜ ਮੰਡੀ ’ਚ ਵੀ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੇ ਸ਼ੈਡ ਦਾ ਕੰਮ ਅਧੂਰਾ ਪਿਆ ਹੈ। ਸੈਕਟਰੀ ਹਰਦੀਪ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਸਬੰਧਤ ਠੇਕੇਦਾਰ ਨੂੰ ਨੋਟਿਸ ਭੇਜ ਦਿੱਤਾ ਹੈ ਕਿ ਜੇ ਕੱਲ੍ਹ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਉਸ ਦੀ ਹੋਵੇਗੀ। ਫਰਸ਼ ਦੇ ਇੱਕ ਸਾਈਡ ਇੰਟਰਲਾਕਿੰਗ ਟਾਈਲਾਂ ਲਾਉਣ ਦੀ ਬਜਾਏ ਪੁਰਾਣੀਆਂ ਇੱਟਾਂ ਦਾ ਫਰਸ਼ ਲਾ ਕੇ ਹੀ ਬੁੱਤਾ ਸਾਰਿਆਂ ਜਾ ਰਿਹਾ ਹੈ। ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੰਡੀ ਦਾ ਸ਼ੈੱਡ ਢੰਗ ਨਾਲ ਬਣਾਇਆ ਜਾਵੇ ਅਤੇ ਪੁੱਟਿਆ ਹੋਇਆ ਯਾਰਡ ਕਿਸੇ ਦੁਰਘਟਨਾ ਹੋਣ ਤੋਂ ਪਹਿਲਾਂ ਹੀ ਠੀਕ ਕੀਤਾ ਜਾਵੇ। ਐਕਸੀਅਨ ਮੰਡੀ ਬੋਰਡ ਨੇ ਦੱਸਿਆ ਕਿ ਫਰਸ਼ ਪੂਰਾ ਹੋ ਗਿਆ ਹੈ ਜਿਥੇ ਤੱਕ ਪੁਰਾਣੀਆਂ ਇੱਟਾਂ ਦਾ ਮਾਮਲਾ ਹੈ ਟੈਂਡਰ ਵਿੱਚ ਇਹ ਸਭ ਕੁਝ ਦਰਸਾਇਆ ਗਿਆ ਹੈ ਕਹਿ ਕੇ ਬੁੱਤਾ ਸਾਰ ਦਿੱਤਾ। ਕਿਸਾਨਾਂ ਨੇ ਜਲਦੀ ਟੋਏ ਠੀਕ ਕਰਨ ਦੀ ਮੰਗ ਕੀਤੀ ਹੈ।
ਖਰੀਦ ਕੇਂਦਰਾਂ ਵਿੱਚ ਵਿਕਣ ਨਹੀਂ ਆ ਰਿਹਾ ਝੋਨਾ
ਮਾਨਸਾ (ਜੋਗਿੰਦਰ ਸਿੰਘ ਮਾਨ): ਭਾਵੇਂ ਸਰਕਾਰੀ ਤੌਰ ‘ਤੇ ਪੰਜਾਬ ਵਿਚ ਝੋਨੇ ਦੀ ਖਰੀਦ 15 ਸਤੰਬਰ ਤੋਂ ਸ਼ੁਰੂ ਹੋ ਗਈ ਹੈ, ਪਰ ਮਾਨਸਾ ਜਿਲ੍ਹੇ ਦੀਆਂ ਬਹੁਤੇ ਪੇਂਡੂ ਖਰੀਦ ਕੇਂਦਰਾਂ ਵਿਚ ਅੱਜ ਤੱਕ ਝੋਨੇ ਦਾ ਇੱਕ ਵੀ ਦਾਣਾ ਨਹੀਂ ਆਇਆ, ਜਿਸ ਕਾਰਨ ਮਜ਼ਦੂਰ ਝੋਨੇ ਦੀ ਉਡੀਕ ਕਰਦੇ-ਕਰਦੇ ਸ਼ਾਮ ਨੂੰ ਵਾਪਸ ਘਰਾਂ ਨੂੰ ਚਲੇ ਜਾਂਦੇ ਹਨ। ਜ਼ਿਲ੍ਹੇ ਵਿਚ ਅਜੇ ਤੱਕ ਝੋਨਾ ਵੱਢਣ ਲਈ ਵੱਡੀ ਪੱਧਰ ’ਤੇ ਕੰਬਾਈਨਾਂ ਵੀ ਨਹੀਂ ਚੱਲੀਆਂ ਹਨ ਅਤੇ ਮਜ਼ਦੂਰ ਵੀ ਝੋਨਾ ਵੱਢਦੇ ਦਿਖਾਈ ਨਹੀਂ ਦੇ ਰਹੇ। ਇਸ ਕਾਰਨ ਆਉਣ ਵਾਲੇ ਕੁੱਝ ਦਿਨਾਂ ਤੱਕ ਮੰਡੀਆਂ ਨੂੰ ਝੋਨੇ ਦਾ ਇੰਤਜ਼ਾਰ ਕਰਨਾ ਪਵੇਗਾ। ਖੇਤੀ ਮਾਹਿਰਾਂ ਅਨੁਸਾਰ ਅਚਾਨਕ ਰਾਤ ਦੀ ਪੈ ਰਹੀ ਠੰਢ ਨੇ ਝੋਨੇ ਦੀ ਵਾਢੀ ਨੂੰ ਰੋਕ ਧਰਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਮੰਡੀਆਂ ਵਿਚ ਝੋਨੇ ਦੀ ਖਰੀਦ ਦੌਰਾਨ ਕਿਸਾਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਧਰ ਦੂਜੇ ਪਾਸੇ ਮੁੱਖ ਖੇਤੀਬਾੜੀ ਅਫ਼ਸਰ ਡਾ.ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਅਜੇ ਮੰਡੀਆਂ ਵਿਚ ਝੋਨੇ ਦੀ ਆਮਦ ਦਾ ਜ਼ੋਰ ਨਹੀਂ ਪਿਆ। ਉਨ੍ਹਾਂ ਕਿਹਾ ਕਿ ਇਸ ਵਾਰ ਪਿਛਲੇ ਸਾਲ ਨਾਲੋਂ ਕਾਫ਼ੀ ਰਕਬਾ ਵਧਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮੌਸਮ ਮਗਰੋਂ ਸਿੱਲਾ ਰਹਿਣ ਕਾਰਨ ਬਿਮਾਰੀਆਂ ਦਾ ਹਮਲਾ ਘੱਟ ਹੋਇਆ ਹੈ, ਜਿਸ ਕਰਕੇ ਚੰਗਾ ਉਤਪਾਦਨ ਹੋਣ ਦੀ ਉਮੀਦ ਹੈ।