ਪੀਡਬਲਯੂਡੀ ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਨੇ ਆਊਟਸੋਰਡ ਮੁਲਾਜ਼ਮਾਂ ਨੂੰ ਪੰਜ ਮਹੀਨਿਆਂ ਤੋਂ ਬਕਾਇਆ ਪਈਆਂ ਤਨਖਾਹਾਂ ਨਾ ਦਿੱਤੇ ਜਾਣ ਅਤੇ ਈਪੀਐੱਫ ਜਮ੍ਹਾਂ ਨਾ ਕਰਵਾਏ ਜਾਣ ਖ਼ਿਲਾਫ਼ ਨਗਰ ਕੌਂਸਲ ਦੇ ਦਫਤਰ ਅੱਗੇ ਧਰਨਾ ਦਿੱਤਾ। ਇਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ। ਉਨ੍ਹਾਂ ਅਧਿਕਾਰੀਆਂ ਅਤੇ ਠੇਕੇਦਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਦਰਸ਼ਨ ਸ਼ਰਮਾ, ਜਨਰਲ ਸਕੱਤਰ ਹਰਪ੍ਰੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਪੰਮਾ ਅਤੇ ਅਮਨ ਭੁੱਚੋ ਨੇ ਕਿਹਾ ਕਿ ਆਊਟਸੋਰਸਡ ਪੰਪ ਅਪਰੇਟਰਾਂ ਨੂੰ ਪਿਛਲੇ ਪੰਜ ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਗਈ ਅਤੇ ਨਾ ਹੀ ਠੇਕੇਦਾਰ ਨੇ ਕਈ ਮਹੀਨਿਆਂ ਤੋਂ ਉਨ੍ਹਾਂ ਦਾ ਈਪੀਐੱਫ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਹੈ।
ਇਸ ਦੌਰਾਨ ਈਓ ਤਰੁਣ ਕੁਮਾਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਜੋਨੀ ਬਾਂਸਲ ਨੇ ਧਰਨਾਕਾਰੀਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਕਿ ਠੇਕੇਦਾਰ ਨਾਲ ਗੱਲਬਾਤ ਕਰਕੇ ਜੂਨ ਮਹੀਨੇ ਦੀ ਤਨਖਾਹ ਸੋਮਵਾਰ ਨੂੰ ਦੇ ਦਿੱਤੀ ਜਾਵੇਗੀ ਅਤੇ ਜੁਲਾਈ ਦੀ ਤਨਖਾਹ ਵੀ ਜਲਦੀ ਦੇ ਦਿੱਤੀ ਜਾਵੇਗੀ। ਮਾਰਚ, ਅਪਰੈਲ ਅਤੇ ਮਈ ਮਹੀਨੇ ਦੀਆਂ ਤਨਖਾਹਾਂ ਜਦੋਂ ਵੀ ਕਿਸੇ ਪਾਸਿਓਂ ਪੈਸੇ ਆਏ ਦੇ ਦਿੱਤੀਆਂ ਜਾਣਗੀਆਂ। ਇਸ ਭਰੋਸੇ ਗਰੋਂ ਮੁਲਾਜ਼ਮਾਂ ਨੇ ਧਰਨਾ ਚੁੱਕ ਦਿੱਤਾ।