ਜਥੇਬੰਦੀਆਂ ਨੇ ਵੜਿੰਗ ਦਾ ਪੁਤਲਾ ਫੂਕਿਆ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਜਲਸੇ ਵਿੱਚ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਖ਼ਿਲਾਫ਼ ਵਰਤੀ ਮੰਦੀ ਸ਼ਬਦਾਵਲੀ ਖ਼ਿਲਾਫ਼ ਦਲਿਤ ਜਥੇਬੰਦੀਆਂ ਨੇ ਅੱਜ...
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਦੌਰਾਨ ਜਲਸੇ ਵਿੱਚ ਮਰਹੂਮ ਗ੍ਰਹਿ ਮੰਤਰੀ ਬੂਟਾ ਸਿੰਘ ਖ਼ਿਲਾਫ਼ ਵਰਤੀ ਮੰਦੀ ਸ਼ਬਦਾਵਲੀ ਖ਼ਿਲਾਫ਼ ਦਲਿਤ ਜਥੇਬੰਦੀਆਂ ਨੇ ਅੱਜ ਅਰਥੀ ਫੂਕ ਮੁਜ਼ਾਹਰਾ ਕੀਤਾ।
ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀਆਂ ਡਿਗਰੀਆਂ ਤੇ ਕਾਬਲੀਅਤ ਬਾਰੇ ਗਿਆਨ ਹੋਣ ਦੇ ਬਾਵਜੂਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਉਨ੍ਹਾਂ ਬਾਰੇ ਬੋਲੇ ਸ਼ਬਦਾਂ ਨਾਲ ਦਲਿਤਾਂ ਖ਼ਿਲਾਫ਼ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੜਿੰਗ ਨੇ ਦਲਿਤ ਸਮਾਜ ਖ਼ਿਲਾਫ਼ ਮਾੜੇ ਸ਼ਬਦ ਬੋਲੇ ਸਨ। ਹੁਣ ਦੂਜੀ ਵਾਰ ਇਸ ਮੰਨੂਵਾਦੀ ਸੋਚ ਦੇ ਮਾਲਕ ਕਾਂਗਰਸ ਪ੍ਰਧਾਨ ਵੜਿੰਗ ਨੇ ਫਿਰ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ। ਇਸ ਲਈ ਹੁਣ ਕਾਂਗਰਸ ਪਾਰਟੀ ਦਲਿਤ ਵਿਰੋਧੀ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਖਾਰਜ਼ ਕਰੇ।
ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਬੈਠੇ ਦਲਿਤ ਲੀਡਰ ਵੀ ਵੜਿੰਗ ਦੀ ਬੋਲੀ ਖ਼ਿਲਾਫ਼ ਜਵਾਨ ਖੋਲ੍ਹਣ। ਉਨ੍ਹਾਂ ਕਿਹਾ ਕਿ ਇਸ ਮਸਲੇ ’ਤੇ ਸਿਆਸੀ ਰੋਟੀਆਂ ਸੇਕਣ ਵਾਲੇ ਅਕਾਲੀ, ਭਾਜਪਾ, ‘ਆਪ’ ਲੀਡਰ ਸਿਰਫ਼ ਦਿਖਾਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਐੱਸ ਸੀ ਸਮਾਜ ਦਲਿਤ ਵਿਰੋਧੀ ਕਾਂਗਰਸੀ, ਭਾਜਪਾ, ਅਕਾਲੀ, ‘ਆਪ’ ਲੀਡਰਾਂ ਦਾ ਖਹਿੜਾ ਛੱਡ ਆਪਣੀ ਆਜ਼ਾਦ ਸਿਆਸੀ ਤਾਕਤ ਖੜ੍ਹੀ ਕਰੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਵੜਿੰਗ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਨਾ ਭੇਜਿਆ ਤਾਂ ਦਲਿਤ ਸਮਾਜ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਜਸਵੰਤ ਸਿੰਘ ਮਾਨਸਾ, ਸੁਖਦੇਵ ਸਿੰਘ, ਪ੍ਰਦੀਪ ਗੁਰੂ, ਦਲਵਿੰਦਰ ਸਿੰਘ ਮਾਨਸਾ, ਕਸ਼ਮੀਰ ਕੌਰ ਸਮਾਓਂ, ਜਰਨੈਲ ਸਿੰਘ ਮਾਨਸਾ, ਆਤਮਾ ਸਿੰਘ ਪਮਾਰ, ਜਸਵੰਤ ਸਿੰਘ ਚੁਕੇਰੀਆਂ ਵੀ ਮੌਜੂਦ ਸਨ।

