DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਆਦਰਸ਼ ਸਕੂਲ ਪੱਕਾ ਦੀ ਪ੍ਰਿੰਸੀਪਲ ਨੂੰ ਬਹਾਲ ਕਰਨ ਦੇ ਹੁਕਮ

ਨਿੱਜੀ ਪੱਤਰ ਪ੍ਰੇਰਕ ਫ਼ਰੀਦਕੋਟ, 8 ਜੁਲਾਈ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਆਦਰਸ਼ ਮਾਡਲ ਸਕੂਲ ਪੱਕਾ ਦੀ ਪ੍ਰਿੰਸੀਪਲ ਨੂੰ ਤੁਰੰਤ ਉਸ ਦੇ ਅਹੁਦੇ ’ਤੇ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ 9 ਮਾਰਚ 2015 ਨੂੰ...
  • fb
  • twitter
  • whatsapp
  • whatsapp
Advertisement

ਨਿੱਜੀ ਪੱਤਰ ਪ੍ਰੇਰਕ

ਫ਼ਰੀਦਕੋਟ, 8 ਜੁਲਾਈ

Advertisement

ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਆਦਰਸ਼ ਮਾਡਲ ਸਕੂਲ ਪੱਕਾ ਦੀ ਪ੍ਰਿੰਸੀਪਲ ਨੂੰ ਤੁਰੰਤ ਉਸ ਦੇ ਅਹੁਦੇ ’ਤੇ ਮੁੜ ਬਹਾਲ ਕਰਨ ਦੇ ਹੁਕਮ ਦਿੱਤੇ ਹਨ। ਸਿੱਖਿਆ ਵਿਭਾਗ 9 ਮਾਰਚ 2015 ਨੂੰ ਇੱਕ ਜਾਂਚ ਰਿਪੋਰਟ ਦੇ ਆਧਾਰ ’ਤੇ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਸੀ। ਸਕੂਲ ਦੀ ਮਹਿਲਾ ਪ੍ਰਿੰਸੀਪਲ ਨੇ ਇਸ ਹੁਕਮ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ 16365 ਦਾਇਰ ਕੀਤੀ ਸੀ। ਪ੍ਰਿੰਸੀਪਲ ਨੇ ਪਟੀਸ਼ਨ ਵਿੱਚ ਤਤਕਾਲੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਰੇਸ਼ ਕੁਮਾਰ ਅਰੋੜਾ ’ਤੇ ਕਥਿਤ ਦੁਰਵਿਹਾਰ ਕਰਨ, ਫੋਨ ’ਤੇ ਇਤਰਾਜ਼ਯੋਗ ਮੈਸੇਜ ਭੇਜਣ ਅਤੇ ਦਫ਼ਤਰੀ ਕੰਮ ਲਈ ਆਪਣੇ ਘਰ ਬੁਲਾਉਣ ਦਾ ਦੋਸ਼ ਲਾਇਆ ਸੀ। ਪ੍ਰਿੰਸੀਪਲ ਨੇ ਇਹ ਵੀ ਦੋਸ਼ ਲਾਏ ਕਿ ਜਦੋਂ ਉਸ ਨੇ ਸਿੱਖਿਆ ਅਧਿਕਾਰੀ ਦੀਆਂ ਇਨ੍ਹਾਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਸਿੱਖਿਆ ਅਧਿਕਾਰੀ ਨੇ ਰੰਜਿਸ਼ ਤਹਿਤ ਉਸ ਖਿਲਾਫ਼ ਗਲਤ ਦੋਸ਼ ਲਾ ਕੇ ਅਤੇ ਇੱਕ ਫਰਜ਼ੀ ਪੜਤਾਲ ਤੋਂ ਬਾਅਦ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਵਾ ਦਿੱਤਾ। ਇਸ ਮਾਮਲੇ ਵਿੱਚ 8 ਸਾਲ ਦੀ ਲੰਬੀ ਸੁਣਵਾਈ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜੱਜ ਜਸਟਿਸ ਪੰਕਜ ਜੈਨ ਨੇ ਪੀੜਤ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ’ਤੇ ਤੁਰੰਤ ਬਹਾਲ ਕਰਨ ਦੇ ਹੁਕਮ ਦਿੱਤੇ ਹਨ ਅਤੇ ਨਾਲ ਹੀ ਜ਼ਿਲ੍ਹਾ ਪੁਲੀਸ ਮੁਖੀ ਫ਼ਰੀਦਕੋਟ ਨੂੰ ਹਦਾਇਤ ਕੀਤੀ ਪ੍ਰਿੰਸੀਪਲ ਨੂੰ ਇਤਰਾਜਯੋਗ ਮੈਸੇਜ ਭੇਜਣ ਵਾਲੇ ਸਿੱਖਿਆ ਅਧਿਕਾਰੀ ਖਿਲਾਫ਼ ਪੜਤਾਲ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹਾਈਕਰੋਟ ਨੇ ਇਸ ਦੇ ਨਾਲ ਹੀ ਸਿੱਖਿਆ ਸਕੱਤਰ ਪੰਜਾਬ ਨੂੰ ਪ੍ਰਿੰਸੀਪਲ ਖਿਲਾਫ਼ ਤਿਆਰ ਕੀਤੀ ਗਈ ਪੜਤਾਲ ਰਿਪੋਰਟ ਦੀ ਘੋਖ ਕਰਨ ਅਤੇ ਜਾਂਚ ਕਮੇਟੀ ਦੇ ਮੈਂਬਰਾਂ ਖਿਲਾਫ ਗਲਤ ਰਿਪੋਰਟ ਤਿਆਰ ਕਰਨ ਦੇ ਮਾਮਲੇ ਵਿੱਚ ਢੁੱਕਵੀਂ ਕਾਰਵਾਈ ਕਰਨ ਲਈ ਵੀ ਆਖਿਆ ਹੈ। ਇਸ ਦੌਰਾਨ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮ ਅਨੁਸਾਰ ਕਸੂਰਵਾਰਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਵਿਵਾਦਾਂ ਵਿੱਚ ਘਿਰੇ ਸਾਬਕਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਵਿਸ਼ੇ ’ਤੇ ਆਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

Advertisement
×