ਕਲਾਲ ਮਾਜਰਾ ’ਚ ਬਗ਼ੈਰ ਪੱਧਰ ਕੀਤੇ ਸੜਕ ਬਣਾਉਣ ਦਾ ਵਿਰੋਧ
ਪਿੰਡ ਕਲਾਲ ਮਾਜਰਾ ਤੋਂ ਧਨੇਰ ਨੂੰ ਜਾਣ ਵਾਲੀ ਲਿੰਕ ਸੜਕ ਦੇ ਨਿਰਮਾਣ ਦਾ ਪਿੰਡ ਦੇ ਮਜ਼ਦੂਰ ਪਰਿਵਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਮਜ਼ਦੂਰਾਂ ਵੱਲੋਂ ਸੜਕ ਨੂੰ ਉਨ੍ਹਾਂ ਦੇ ਘਰਾਂ ਕੋਲੋਂ ਬਿਨਾਂ ਲੈਵਲ ਬਣਾਉਣ ਦੇ ਦੋਸ਼ ਲਗਾਏ ਗਏ ਜਿਸ ਕਰਕੇ ਮਜ਼ਦੂਰਾਂ ਨੇ ਸੜਕ ਦਾ ਕੰਮ ਰੋਕ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਸਾਬਕਾ ਸਰਪੰਚ ਚੇਤਨ ਸਿੰਘ, ਕੈਪਟਨ ਚਰਨਜੀਤ ਸਿੰਘ, ਕੁਲਵਿੰਦਰ ਸਿੰਘ, ਬੇਅੰਤ ਸਿੰਘ ਸਮੇਤ ਹੋਰਾਂ ਨੇ ਕਿਹਾ ਕਿ ਪਿਛਲੇ 32 ਸਾਲਾਂ ਤੋਂ ਹਰ ਵਾਰ ਬਿਨਾਂ ਲੈਵਲ ਸੜਕ ਬਣਨ ਕਾਰਨ ਪਿੰਡ ਦਾ ਇਕੱਠਾ ਪਾਣੀ ਮਜ਼ਦੂਰ ਬਸਤੀ ਵਿੱਚ ਦਾਖ਼ਲ ਹੋ ਜਾਂਦਾ ਹੈ। ਘਰਾਂ ਵਿੱਚ ਪਾਣੀ ਵੜਨ ਕਾਰਨ ਪਰਿਵਾਰਾਂ ਦੀ ਜ਼ਿੰਦਗੀ ਸਮੱਸਿਆਵਾਂ ਭਰੀ ਹੈ। ਮਜ਼ਦੂਰਾਂ ਨੇ ਸਰਕਾਰ ਅਤੇ ਮਹਿਕਮੇ ਕੋਲੋਂ ਮੰਗ ਕੀਤੀ ਕਿ ਮਜ਼ਦੂਰ ਬਸਤੀ ਦਾ ਪਾਣੀ ਪਹਿਲਾਂ ਦੀ ਤਰ੍ਹਾਂ ਡਰੇਨ ਵੱਲ ਮੋੜਿਆ ਜਾਵੇ, ਪਿੰਡ ਦਾ ਹੋਰ ਇਕੱਠਾ ਹੋਇਆ ਪਾਣੀ ਕੱਚੇ ਰਾਹ ਰਾਹੀਂ ਪਿੰਡ ਛੀਨੀਵਾਲ ਵੱਲ ਜਾਂਦੇ ਡਰੇਨ ਵਿੱਚ ਪਾਇਆ ਜਾਵੇ ਅਤੇ ਸੜਕ ਦਾ ਪੂਰਾ ਲੈਵਲ ਕਰਕੇ ਹੀ ਕੰਮ ਅੱਗੇ ਵਧਾਇਆ ਜਾਵੇ। ਇਸ ਮੌਕੇ ਗੁਰਮੀਤ ਸਿੰਘ, ਤਾਰਾ ਸਿੰਘ, ਅਜਮੇਰ ਸਿੰਘ, ਕੁਲਵੰਤ ਸਿੰਘ, ਕਮਲਜੀਤ ਸਿੰਘ, ਬੇਅੰਤ ਸਿੰਘ, ਹਰਜੀਤ ਕੌਰ, ਅਮਰਜੀਤ ਕੌਰ, ਹਰਦੀਪ ਕੌਰ, ਕੁਲਦੀਪ ਕੌਰ, ਸੁਰਜੀਤ ਕੌਰ ਤੇ ਹੋਰ ਹਾਜ਼ਰ ਸਨ।
ਲੋਕਾਂ ਦੀ ਮੰਗ ਅਨੁਸਾਰ ਹੋਵੇਗਾ ਸੜਕ ਦਾ ਕੰਮ: ਸਰਪੰਚ
ਪਿੰਡ ਦੇ ਸਰਪੰਚ ਜਗਜੀਵਨ ਸਿੰਘ ਨੇ ਕਿਹਾ ਕਿ ਮਜ਼ਦੂਰਾਂ ਦੀ ਮੰਗ ਨੂੰ ਲੈ ਕੇ ਹਲਕਾ ਵਿਧਾਇਕ ਰਾਹੀਂ ਮਹਿਕਮੇ ਨੂੰ ਪੰਚਾਇਤੀ ਤੌਰ ’ਤੇ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੜਕ ਮਜ਼ਦੂਰਾਂ ਦੀ ਮੰਗ ਅਨੁਸਾਰ ਹੀ ਪਹਿਲ ਦੇ ਆਧਾਰ ’ਤੇ ਬਣਾਈ ਜਾਵੇਗੀ।