ਸਕੂੁਲ ਦੇ ਰਸਤੇ ਅੱਗੇ ਪਖਾਨੇ ਬਣਾਉਣ ਦਾ ਵਿਰੋਧ
3.5 ਕਰੋਡ਼ ਦੀ ਜਗ੍ਹਾ ਖ਼ਰੀਦ ਕੇ ਸਕੂਲ ਨੇ ਬਣਾਉਣਾ ਸੀ ਲਡ਼ਕੀਆਂ ਲਈ ਰਸਤਾ
ਨਗਰ ਸੁਧਾਰ ਟਰੱਸਟ ਫ਼ਰੀਦਕੋਟ ਨੇ ਕਰੀਬ ਇੱਕ ਹਜ਼ਾਰ ਤੋਂ ਵੱਧ ਵਿਦਿਆਰਥਣਾਂ ਦੇ ਮੁੱਖ ਰਸਤੇ ਅੱਗੇ ਜਨਤਕ ਪਖਾਨੇ ਬਣਾਉਣ ਦਾ ਫ਼ੈਸਲਾ ਕਰ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਮਾਨਤਾ ਪ੍ਰਾਪਤ ਨਕਸ਼ੇ ਮੁਤਾਬਕ ਨਗਰ ਸੁਧਾਰ ਟਰੱਸਟ ਜਿੱਥੇ ਜਨਤਕ ਪਖਾਨੇ ਬਣਾ ਰਿਹਾ ਹੈ ਅਸਲ ਵਿੱਚ ਉੱਥੇ ਗਰੀਨ ਜ਼ੋਨ ਵਿਕਸਿਤ ਕੀਤਾ ਜਾਣਾ ਸੀ।
ਸੂਚਨਾ ਅਨੁਸਾਰ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ 10ਵੀਂ, 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਲਈ ਵਿਸ਼ੇਸ਼ ਰਸਤਾ ਬਣਾਉਣ ਲਈ ਨਗਰ ਸਧਾਰ ਟਰੱਸਟ ਪਾਸੋਂ 250 ਗਜ਼ ਥਾਂ 3.50 ਕਰੋੜ ਰੁਪਏ ਵਿੱਚ ਖ਼ਰੀਦੀ ਸੀ। ਸਕੂਲ ਨੇ ਇੱਥੇ ਲੜਕੀਆਂ ਵਾਸਤੇ ਵਿਸ਼ੇਸ਼ ਰਸਤਾ ਬਣਾਉਣਾ ਸ਼ੁਰੂ ਵੀ ਕਰ ਦਿੱਤਾ ਸੀ। ਸਕੂਲ ਦੇ ਡਾਇਰੈਕਟਰ ਸਵਰਨਜੀਤ ਸਿੰਘ ਗਿੱਲ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਨੇ ਆਪਣੇ ਬਣਾਏ ਨਕਸ਼ੇ ਦੇ ਉਲਟ ਜਾ ਕੇ ਗੇਟ ਸਾਹਮਣੇ ਪਖਾਨੇ ਬਣਾਉਣ ਲਈ ਟੈਂਡਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਇੱਕ ਪਲਾਟ 3.50 ਕਰੋੜ ਰੁਪਏ ਦਾ ਵੇਚ ਕੇ ਉਸ ਦੇ ਸਾਹਮਣੇ ਪਖਾਨਾ ਬਣਾਉਣਾ ਨਗਰ ਸੁਧਾਰ ਟਰੱਸਟ ਦਾ ਗ਼ੈਰਕੁਦਰਤੀ ਫ਼ੈਸਲਾ ਹੈ ਅਤੇ ਜੇ ਇੱਥੇ ਪਖਾਨੇ ਬਣਦੇ ਹਨ ਤਾਂ ਵਿਦਿਆਰਥਣਾਂ ਨੂੰ ਇੱਥੋਂ ਲੰਘਣਾ ਮੁਸ਼ਕਲ ਹੋ ਜਾਵੇਗਾ ਕਿਉਂਕਿ ਇਹ ਪਖਾਨਾ ਵੱਡੀ ਗਿਣਤੀ ਲੋਕਾਂ ਵੱਲੋਂ ਵਰਤਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਗਰੀਨ ਜ਼ੋਨ ਵਾਲੀ ਥਾਂ ’ਤੇ ਪਖਾਨਾ ਬਣਾਉਣਾ ਉਂਜ ਵੀ ਗ਼ੈਰਕਾਨੂੰਨੀ ਹੈ ਅਤੇ ਨਗਰ ਸੁਧਾਰ ਟਰੱਸਟ ਦੀ ਇਸ ਕਾਰਵਾਈ ਨੂੰ ਕਾਨੂੰਨੀ ਚੁਣੌਤੀ ਦਿੱਤੀ ਜਾਵੇਗੀ।
ਟੈਂਡਰ ਜਾਰੀ ਕੀਤੇ: ਏ ਈ
ਨਗਰ ਸੁਧਾਰ ਟਰੱਸਟ ਦੇ ਜੇ ਈ ਮਿਨਾਲ ਬਾਂਸਲ ਨੇ ਦੱਸਿਆ ਕਿ ਗਰੀਨ ਜ਼ੋਨ ਵਾਲੀ ਥਾਂ ’ਤੇ 15 ਲੱਖ ਦੀ ਲਾਗਤ ਨਾਲ ਪਖਾਨਾ ਬਣਾਉਣ ਲਈ ਟੈਂਡਰ ਜਾਰੀ ਕੀਤੇ ਗਏ ਹਨ।
ਪ੍ਰਾਜੈਕਟ ਅਜੇ ਵਿਚਾਰ ਅਧੀਨ ਹੈ: ਚੇਅਰਮੈਨ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗਗਨਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਲੜਕੀਆਂ ਦੇ ਰਸਤੇ ਵਿੱਚ ਬਣਨ ਵਾਲੇ ਪਖਾਨੇ ਵਾਲੇ ਪ੍ਰਾਜੈਕਟ ਨੂੰ ਫਾਈਨਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜੇ ਇਹ ਪ੍ਰਾਜੈਕਟ ਵਿਚਾਰ ਅਧੀਨ ਹੈ।

