ਪਾਰਕ ਦੀ ਥਾਂ ਇਮਾਰਤ ਬਣਾਉਣ ਦਾ ਵਿਰੋਧ
ਪਰਸ਼ੋਤਮ ਬੱਲੀ
ਬਰਨਾਲਾ, 10 ਜੁਲਾਈ
ਹਸਪਤਾਲ ਦੇ ਪਾਰਕ ਦੇ ਕਥਿਤ ਉਜਾੜੇ ਨੂੰ ਰੋਕਣ ਤੇ ਜੱਚਾ ਬੱਚਾ ਨਰਸਰੀ ਚਾਲੂ ਕਰਵਾਉਣ ਦੀ ਮੰਗ ਨੂੰ ਲੈ ਕੇ ਸਿਵਲ ਹਸਪਤਾਲ ਬਚਾਓ ਕਮੇਟੀ ਬਰਨਾਲਾ ਦਾ ਵਫ਼ਦ ਆਗੂ ਸੋਹਣ ਸਿੰਘ ਮਾਝੀ ਅਤੇ ਪ੍ਰੇਮ ਕੁਮਾਰ ਦੀ ਅਗਵਾਈ ਹੇਠ ਐੱਸਡੀਐੱਮ ਬਰਨਾਲਾ ਨੂੰ ਮਿਲਿਆ।
ਕਮੇਟੀ ਮੈਂਬਰ ਨਰਾਇਣ ਦੱਤ, ਰਾਜਿੰਦਰ ਪਾਲ, ਖ਼ੁਸ਼ੀਆ ਸਿੰਘ, ਰਮੇਸ਼ ਹਮਦਰਦ, ਗੁਰਪ੍ਰੀਤ ਰੂੜੇਕੇ, ਮੇਲਾ ਸਿੰਘ ਕੱਟੂ, ਅਨਿਲ ਕੁਮਾਰ, ਬਿੱਕਰ ਸਿੰਘ ਔਲਖ ਅਤੇ ਸ਼ੇਰ ਸਿੰਘ ਫਰਵਾਹੀ ਨੇ ਦੱਸਿਆ ਕਿ ਪਿਛਲੇ ਸਮੇਂ ਪੰਜਾਬ ਸਰਕਾਰ ਵੱਲੋਂ ਸੁਵਿਧਾ ਕੇਂਦਰ ਬਿਲਡਿੰਗ ਨੂੰ ਬਣਾਉਣ ਦੀ ਆੜ ਹੇਠ ਸਿਵਲ ਹਸਪਤਾਲ ਵਿਖੇ ਦੂਰ ਦੁਰੇਡੇ ਤੋਂ ਇਲਾਜ ਲਈ ਆਉਂਦੇ ਮਰੀਜ਼ਾਂ ਦੇ ਵਾਰਸਾਂ ਦੀ ਢੋਈ ਬਣਦਾ ਪਾਰਕ ਉਜਾੜਿਆ ਜਾ ਰਿਹਾ ਹੈ, ਚੁੱਪ ਚੁਪੀਤੇ ਬਿਲਡਿੰਗ ਉਸਾਰੀ ਲਈ ਨੀਹਾਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਿਵਲ ਹਸਪਤਾਲ ਬਚਾਓ ਕਮੇਟੀ ਨੂੰ ਇਸ ਗੱਲ ਦੀ ਭਿਣਕ ਪੈਣ 'ਤੇ ਐੱਸਡੀਐੱਮ ਨੂੰ ਮਿਲ ਕੇ ਸਿਵਲ ਹਸਪਤਾਲ ਪਾਰਕ ਨੂੰ ਉਜਾੜਨਾ ਫੌਰੀ ਬੰਦ ਕਰਨ ਦੀ ਅਪੀਲ ਕੀਤੀ ਤੇ ਪ੍ਰਸਤਾਵਿਤ ਇਮਾਰਤ ਨੂੰ ਹਸਪਤਾਲ ਦੇ ਗੇਟ 'ਤੇ ਹੀ ਮੌਜੂਦ ਕੰਟੀਨ ਵਾਲੀ ਥਾਂ 'ਤੇ ਸੁਵਿਧਾ ਕੇਂਦਰ ਉਸਾਰੀ ਦਾ ਸੁਝਾਅ ਦਿੱਤਾ। ਕਮੇਟੀ ਦੀ ਦਲੀਲ ਨਾਲ ਸਹਿਮਤੀ ਦਰਸਾਉਂਦਿਆਂ ਐਸਡੀਐਮ ਬਰਨਾਲਾ ਨੇ ਸੁਝਾਈ ਬਦਲਵੀਂ ਥਾਂ 'ਤੇ ਉਸਾਰੀ ਬਾਰੇ ਸਬੰਧਤ ਜੇਈ ਨੂੰ ਤਜਵੀਜ਼ ਬਣਾਕੇ ਭੇਜਣ ਦੀ ਹਦਾਇਤ ਕੀਤੀ। ਮਿਲਣੀ ਉਪਰੰਤ ਕਮੇਟੀ ਆਗੂਆਂ ਐੱਸਡੀਐੱਮ ਵੱਲੋਂ ਮਿਲੇ ਭਰੋਸੇ ਨੂੰ ਹਾਂਦਰੂ ਦੱਸਿਆ ਤੇ ਕਿਹਾ ਕਿ ਮਰੀਜ਼ਾਂ/ਪੀੜਤਾਂ ਦੀ ਪਨਾਹ ਬਣਦੇ ਦੇ ਇਸ ਪਾਰਕ ਨੂੰ ਉਜਾੜਨ ਦੀ ਕਦਾਚਿੱਤ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸੇ ਹੀ ਤਰ੍ਹਾਂ ਉਨ੍ਹਾਂ ਬੰਦ ਪਈ ਜੱਚਾ ਬੱਚਾ ਨਰਸਰੀ ਚਾਲੂ ਕਰਨ ਦੀ ਮੰਗ ਵੀ ਕੀਤੀ। ਕਮੇਟੀ ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਬੰਦ ਪਈ ਜੱਚਾ-ਬੱਚਾ ਸੰਭਾਲ ਨਰਸਰੀ ਜਲਦ ਚਾਲੂ ਨਾ ਕੀਤੀ ਤਾਂ ਜਨਤਕ ਜਮਹੂਰੀ ਜਥੇਬੰਦੀਆਂ ਦੀ ਮੀਟਿੰਗ ਬੁਲਾਕੇ ਸੰਘਰਸ਼ ਆਰੰਭਿਆ ਜਾਵੇਗਾ।
ਇਸ ਸਮੇਂ ਵਫ਼ਦ ਵਿੱਚ ਹਰਚਰਨ ਚਹਿਲ, ਜਗਰਾਜ ਸਿੰਘ ਰਾਮਾ, ਮੋਹਣ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਚੀਮਾ, ਕਮਲਜੀਤ ਸਿੰਘ,ਜ਼ੋਰਾ ਸਿੰਘ ਖਿਆਲੀ ਆਦਿ ਆਗੂ ਮੌਜ਼ੂਦ ਸਨ।